ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਫਰਵਰੀ
ਸ਼ਹਿਰ ਦੇ ਨਿੱਜੀ ਸਕੂਲਾਂ ’ਚ ਐਂਟਰੀ ਲੈਵਲ ਜਮਾਤਾਂ ’ਚ ਆਮ ਵਰਗ ਲਈ ਦਾਖਲੇ ਹੋ ਚੁੱਕੇ ਹਨ ਪਰ ਆਰਥਿਕ ਪੱਖੋਂ ਕਮਜ਼ੋਰ ਈਡਬਲਿਊਐੱਸ ਵਰਗ ਲਈ ਡਰਾਅ ਹੁਣ ਮਾਰਚ ਦੇ ਦੂਜੇ ਹਫਤੇ ਹੋਣਗੇ। ਸਕੂਲਾਂ ’ਚ 15 ਮਾਰਚ ਤਕ ਡਰਾਅ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਤੇ ਖਾਲੀ ਸੀਟਾਂ ਦੇ ਵੇਰਵੇ ਸਿੱਖਿਆ ਵਿਭਾਗ ਨੂੰ ਦਿੱਤੇ ਜਾਣਗੇ। ਇਨ੍ਹਾਂ ਸਕੂਲਾਂ ਨੇ ਕਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਈਡਬਲਿਊਐਸ ਵਰਗ ਦੀਆਂ ਪੂਰੀਆਂ ਸੀਟਾਂ ਨਹੀਂ ਭਰੀਆਂ। ਸਕੂਲਾਂ ਨੇ ਇਨ੍ਹਾਂ ਸੀਟਾਂ ’ਤੇ ਇਸ ਕਰਕੇ ਦਾਖਲੇ ਨਹੀਂ ਕੀਤੇ ਕਿਉਂਕਿ ਸਕੂਲ ਤਰਕ ਦੇ ਰਹੇ ਹਨ ਕਿ ਕਰੋਨਾ ਦੌਰਾਨ ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਪੂਰੀਆਂ ਫੀਸਾਂ ਨਹੀਂ ਮਿਲੀਆਂ ਤੇ ਉਹ ਕਿਸ ਤਰ੍ਹਾਂ ਇਨ੍ਹਾਂ ਵਰਗ ਲਈ ਦਾਖਲੇ ਕਰ ਸਕਦੇ ਹਨ।
ਇਸ ਤੋਂ ਇਲਾਵਾ ਈਡਬਲਿਊਐਸ ਵਰਗ ਲਈ ਮਾਪਿਆਂ ਦੇ ਡੀਸੀ ਦਫ਼ਤਰ ਵਿਚ ਸਰਟੀਫਿਕੇਟ ਨਹੀਂ ਬਣ ਰਹੇ ਜਿਸ ਕਾਰਨ ਹੁਣ ਇਹ ਮਾਮਲਾ ਸਲਾਹਕਾਰ ਦੇ ਦਰਬਾਰ ਪੁੱਜ ਗਿਆ ਹੈ। ਈਡਬਲਿਊਐਸ ਸਰਟੀਫਿਕੇਟ ਨਾ ਬਣਨ ਸਬੰਧੀ ਪੰਜਾਬੀ ਟ੍ਰਿਬਿਊਨ ਨੇ ਦੋ ਫਰਵਰੀ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ। ਮਾਪਿਆਂ ਨੇ ਮੰਗ ਕੀਤੀ ਹੈ ਕਿ ਭਾਵੇਂ ਸਿੱਖਿਆ ਵਿਭਾਗ ਨੇ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਮਿਤੀ ਵਧਾ ਕੇ 28 ਫਰਵਰੀ ਕਰ ਦਿੱਤੀ ਹੈ ਪਰ ਉਨ੍ਹਾਂ ਦੇ ਜਲਦੀ ਸਰਟੀਫਿਕੇਟ ਬਣਾਏ ਜਾਣ। ਈਡਬਲਿਊਐਸ ਸਰਟੀਫਿਕੇਟ ਲਈ ਉਹੀ ਪਰਿਵਾਰ ਹੀ ਅਪਲਾਈ ਕਰ ਸਕਦੇ ਹਨ ਜਿਨ੍ਹਾ ਦੀ ਸਾਲਾਨਾ ਆਮਦਨ ਡੇਢ ਲੱਖ ਰੁਪਏ ਤੋਂ ਘੱਟ ਹੁੰਦੀ ਹੈ। ਐਂਟਰੀ ਲੈਵਲ ਜਮਾਤਾਂ ’ਚ ਆਮ ਵਰਗ ਦੇ ਬੱਚਿਆਂ ਲਈ ਡਰਾਅ ਪ੍ਰੀਕਿਰਿਆ ਜਨਵਰੀ ਵਿਚ ਮੁਕੰਮਲ ਹੋ ਗਈ ਸੀ ਪਰ ਈਡਬਲਿਊਐਸ ਵਰਗ ਦੇ ਡਰਾਅ ਰਹਿੰਦੇ ਹਨ।
ਹਰ ਸਕੂਲ ਨੂੰ ਇਸ ਵਰਗ ਲਈ ਆਪਣੇ ਹਰ ਜਮਾਤ ਦੇ ਹਰ ਸੈਕਸ਼ਨ ਵਿਚ 25 ਫੀਸਦੀ ਸੀਟਾਂ ਇਸ ਵਰਗ ਲਈ ਰਾਖਵੀਆਂ ਰੱਖਣੀਆਂ ਪੈਂਦੀਆਂ ਹਨ।
ਕਰੋਨਾ ਕਾਰਨ ਸਕੂਲਾਂ ਨੇ ਪਿਛਲੇ ਦੋ ਸਾਲ ਤੋਂ ਨਹੀਂ ਕੀਤੇ ਦਾਖਲੇ
ਜਾਣਕਾਰੀ ਮਿਲੀ ਹੈ ਕਿ 2020-21 ਵਿੱਚ ਇਨ੍ਹਾਂ ਪ੍ਰਾਈਵੇਟ ਸਕੂਲਾਂ ਵਿਚ ਈਡਬਲਿਊਐਸ ਵਰਗ ਲਈ 820 ਸੀਟਾਂ ਰਾਖਵੀਆਂ ਸਨ ਜਿਨ੍ਹਾਂ ’ਚੋਂ 66 ਭਰ ਨਹੀਂ ਗਈਆਂ। ਇਸ ਤੋਂ ਇਲਾਵਾ ਸੈਸ਼ਨ 2021-22 ਵਿੱਚ 662 ਸੀਟਾਂ ਵਿਚੋਂ 99 ਖਾਲੀ ਰਹਿ ਗਈਆਂ। ਦੱਸਣਯੋਗ ਹੈ ਕਿ ਇਸ ਵਰਗ ਲਈ ਸਕੂਲ ਉਨ੍ਹਾਂ ਵਿਦਿਆਰਥੀਆਂ ਨੂੰ ਦਾਖਲੇ ਦਿੰਦਾ ਹੈ ਜੋ ਸਕੂਲ ਦੇ ਡੇਢ ਕਿਲੋਮੀਟਰ ਦੇ ਦਾਇਰੇ ਹੇਠ ਆਉਂਦੇ ਹਨ।