ਮੁੱਖ ਅੰਸ਼
- ਯੂਟੀ ਵਿੱਚ ਵਿਰਾਸਤੀ ਦਰੱਖਤਾਂ ਦੀ ਗਿਣਤੀ 30
- ਪੁਰਾਣੇ ਹੋ ਚੁੱਕੇ ਦਰੱਖਤਾਂ ਨੇੜੇ ਨਹੀਂ ਲਗਾਏ ਗਏ ਚਿਤਾਵਨੀ ਬੋਰਡ
- ਸੈਕਟਰ-18 ਦੇ ਸਰਕਾਰੀ ਸਕੂਲ ਵਿੱਚ ਹੈਰੀਟੇਜ ਦਰੱਖ਼ਤਾਂ ਦੀ ਗਿਣਤੀ ਸਭ ਤੋਂ ਵੱਧ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਵਿੱਚ ਕਾਰਮਲ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀ ਦਰੱਖਤ ਡਿੱਗਣ ਕਾਰਨ ਹੋਈ ਮੌਤ ਤੋਂ ਬਾਅਦ ਸ਼ਹਿਰ ਵਿੱਚ ਵਿਰਾਸਤੀ ਦਰੱਖਤਾਂ ਦਾ ਮੁੱਦਾ ਗਰਮਾ ਗਿਆ ਹੈ। ਇਸ ਵੇਲੇ ਸ਼ਹਿਰ ਦੇ ਕਈ ਸਕੂਲਾਂ ਵਿਚ ਅਜਿਹੇ ਦਰੱਖਤ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਖਤਰਾ ਦਰਪੇਸ਼ ਹੈ। ਸਭ ਤੋਂ ਵੱਧ ਤਿੰਨ ਹੈਰੀਟੇਜ ਦਰੱਖਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਵਿੱਚ ਹਨ ਤੇ ਇਹ ਦਰੱਖਤ ਝੁਕੇ ਹੋਏ ਹਨ ਪਰ ਇਨ੍ਹਾਂ ਦਰੱਖਤਾਂ ਨੂੰ ਛਾਂਗਣ ਲਈ ਕਈ ਮਨਜ਼ੂਰੀਆਂ ਤੇ ਪੇਚੀਦਾ ਢੰਗ ਕਾਰਨ ਸਕੂਲ ਮੁਖੀ ਪ੍ਰੇਸ਼ਾਨ ਹਨ। ਚੰਡੀਗੜ੍ਹ ਵਿਚ ਇਸ ਵੇਲੇ 30 ਹੈਰੀਟੇਜ ਦਰੱਖਤ ਮੌਜੂਦ ਹਨ। ਇਸ ਤੋਂ ਇਲਾਵਾ 31ਵਾਂ ਦਰੱਖਤ ਕਾਰਮਲ ਕਾਨਵੈਂਟ ਵਿਚ ਸੀ ਜੋ ਇਸ ਵੇਲੇ ਡਿੱਗ ਚੁੱਕਾ ਹੈ। ਇਹ ਦਰੱਖਤ ਜਿਸ ਥਾਂ ’ਤੇ ਮੌਜੂਦ ਹਨ ਉਨ੍ਹਾਂ ਸੰਸਥਾਵਾਂ ਵਲੋਂ ਇਨ੍ਹਾਂ ਦਰੱਖਤਾਂ ਤੋਂ ਸਾਵਧਾਨ ਕਰਨ ਲਈ ਜਾਗਰੂਕ ਨਹੀਂ ਕੀਤਾ ਜਾ ਰਿਹਾ। ਇਸ ਵੇਲੇ ਹੈਰੀਟੇਜ ਦਰੱਖਤ ਪੰਜਾਬ ਇੰਜਨੀਅਰਿੰਗ ਕਾਲਜ ਦੀ ਇਮਾਰਤ ਨੇੜੇ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-23, ਸਰਕਾਰੀ ਯੋਗ ਕੇਂਦਰ ਸੈਕਟਰ-19, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-28 ਵਿਚ ਮੌਜੂਦ ਹਨ। ਇਸ ਤੋਂ ਇਲਾਵਾ ਸੁਖਨਾ ਝੀਲ, ਸੈਕਟਰ-9-ਏ ਤੇ 9-ਬੀ, ਹੋਟਲ ਮਾਊਂਟ ਵਿਊ ਦੇ ਬਾਹਰ ਸੈਕਟਰ-10, ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ, ਸੈਕਟਰ-17 ਬੱਸ ਅੱਡੇ ਨੇੜੇ, ਸੈਕਟਰ-17 ਦੇ ਡੀਸੀ ਦਫਤਰ ਸਾਹਮਣੇ, ਸੈਕਟਰ-19 ਵਿਚ ਵਾਟਿਕਾ ਸਕੂਲ ਅੰਦਰ, ਸੈਕਟਰ-21 ਦੇ ਪਾਰਕ, ਸਰਕਾਰੀ ਨਰਸਰੀ ਸੈਕਟਰ-23, ਸੈਕਟਰ-24 ਵਿਚ ਦੋ ਥਾਵਾਂ, ਸੈਕਟਰ-27 ਦੇ ਕਮਿਊਨਿਟੀ ਸੈਂਟਰ, ਸੈਕਟਰ-29, ਸੈਕਟਰ-34, ਸੈਕਟਰ-35, ਸੈਕਟਰ-36, ਸੈਕਟਰ-38, ਡੱਡੂਮਾਜਰਾ ਤੇ ਮਲੋਆ ਵਿਚ ਵਿਰਾਸਤੀ ਦਰੱਖਤ ਹਨ। ਡਾਇਰੈਕਟਰ (ਸਕੂਲ ਐਜੂਕੇਸ਼ਨ) ਹੁਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਸਾਰੇ ਸਕੂਲਾਂ ਤੋਂ ਰਿਪੋਰਟ ਮੰਗੀ ਹੈ ਕਿ ਕਿਹੜੇ ਕਿਹੜੇ ਸਕੂਲਾਂ ਵਿਚ ਅਜਿਹੇ ਦਰੱਖਤ ਹਨ ਜਿਹੜੇ ਨੁਕਸਾਨਦਾਇਕ ਸਿੱਧ ਹੋ ਸਕਦੇ ਹਨ।
ਸਰਕਾਰੀ ਸਕੂਲ ਸੈਕਟਰ-32 ਵਿਚ ਸਫੈਦਿਆਂ ਕਾਰਨ ਖਤਰਾ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-32 ਵਿੱਚ ਸਫੈਦਿਆਂ ਦੇ ਵੱਡੀ ਗਿਣਤੀ ਦਰੱਖਤਾਂ ਕਾਰਨ ਵਿਦਿਆਰਥੀ ਤੇ ਆਮ ਲੋਕ ਪ੍ਰੇਸ਼ਾਨ ਹਨ। ਇਹ ਦਰੱਖਤ ਸਕੂਲ ਦੀ ਚਾਰਦੀਵਾਰੀ ਨਾਲ ਹਨ ਤੇ ਇਹ ਦਰੱਖਤ ਇਸ ਸੈਕਟਰ ਦੀ ਪਾਰਕ ਵੱਲ ਝੁਕੇ ਹੋਏ ਹਨ ਜਿਸ ਨੂੰ ਕਟਵਾਉਣ ਲਈ ਕਈ ਵਾਰ ਸਕੂਲ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਪਰ ਇਹ ਦਰੱਖਤ ਇਥੇ ਹੀ ਮੌਜੂਦ ਹਨ।