ਕਰਮਜੀਤ ਸਿੰਘ ਚਿੱਲਾ
ਬਨੂੜ, 2 ਜਨਵਰੀ
ਸਥਾਨਕ ਚਿਤਕਾਰਾ ਯੂਨੀਵਰਸਿਟੀ ਵਿੱਚ ਸੰਸਕ੍ਰਿਤੀ, ਰੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਗੈੱਲਰੀ ਆਫ਼ ਮਾਡਰਨ ਆਰਟ ਤਹਿਤ ਪਿਛਲੇ ਨੌਂ ਦਿਨਾਂ ਤੋਂ ਲਗਾਈ ਹੋਈ ਕਲਾ ਕੁੰਭ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਆਏ 250 ਕਲਾਕਾਰਾਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਮਹਾਂ ਨਾਇਕਾਂ, ਕਲਾ, ਸੱਭਿਆਚਾਰ, ਸਾਹਿਤ, ਜੀਵਨ ਸ਼ੈਲੀ, ਪ੍ਰਮੁੱਖ ਸਥਾਨਾਂ ਨੂੰ ਦਰਸਾਉਂਦੀ 450 ਮੀਟਰ ਲੰਮੀ ਅਤੇ ਤਿੰਨ ਫੁਟ ਉੱਚੀ ਪੇਂਟਿੰਗ ਸਕ੍ਰੌਲ ਤਿਆਰ ਕੀਤੀ ਗਈ ਹੈ। ਇਸ ਪੇਟਿੰਗ ਸਕ੍ਰੌਲ ਦੀ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਰਾਜ ਪੱਥ ’ਤੇ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਵਰਕਸ਼ਾਪ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਮੁੱਚੀ ਪੇਟਿੰਗ ਦਾ ਨਿਰੀਖ਼ਣ ਕੀਤਾ ਅਤੇ ਦੇਸ਼ ਭਰ ਤੋਂ ਆਏ ਹੋਏ ਪੇਟਿੰਗ ਕਲਾਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਾਬਕਾ ਰਾਸ਼ਟਰਪਤੀ ਮਰਹੂਮ ਡਾ. ਅਬਦੁਲ ਕਲਾਮ ਨੂੰ ਆਪਣਾ ਜੀਵਨ ਆਦਰਸ਼ ਬਣਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆ ਦੇ ਸੁਪਨਿਆਂ ਦਾ ਦੇਸ਼ ਬਣਾ ਕੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਲਈ ਨੌਜਵਾਨ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਲਾ ਕੁੰਭ ਵਰਕਸ਼ਾਪ ਵਿੱਚ ਉਸਤਾਦਾਂ ਦੀ ਅਗਵਾਈ ਹੇਠ ਕਲਾਕਾਰਾਂ ਨੇ ਅਹਿਮ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਪੇਂਟਿੰਗ ਦਾ ਦਰਸ਼ਕਾਂ ’ਤੇ ਚਿਰ ਸਥਾਈ ਪ੍ਰਭਾਵ ਪਵੇਗਾ ਅਤੇ ਸਾਰੇ ਨਾਗਰਿਕ ਦੇਸ਼ ਭਗਤਾਂ ਬਾਰੇ ਵਿਲੱਖਣ ਕਲਾਤਮਕ ਢੰਗ ਨਾਲ ਜਾਣੂ ਹੋਣਗੇ। ਇਸ ਮੌਕੇ ਉਨ੍ਹਾਂ ਸਕ੍ਰੌਲ ਪੇਂਟਿੰਗ ਵਰਕਸ਼ਾਪ ਦਾ ਹਿੱਸਾ ਬਣੇ ਯੂਨੀਵਰਸਿਟੀ ਦੇ ਐੱਨਸੀਸੀ ਕੈਡਿਟਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦੇ ਡਾਇਰੈਕਟਰ ਅਦਵੈਤ ਗਰਨਾਇਕ ਨੇ ਕਲਾ ਕੁੰਭ ਦੌਰਾਨ ਬਣਾਈ ਵਿਸ਼ਾਲ ਪੇਟਿੰਗ ਸਕ੍ਰੌਲ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਅਰਚਨਾ ਮੰਤਰੀ ਨੇ ਕਿਹਾ ਕਿ ਕਲਾ ਕੁੰਭ ਨੇ ਉੱਤਰੀ ਭਾਰਤ ਦੇ ਲੋਕਾਂ ਨੂੰ ਇੰਨੇ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਵਿਸ਼ਾਲ ਕਲਾ ਨੂੰ ਦੇਖਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਸਮੁੱਚੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ।