ਕਰਮਜੀਤ ਸਿੰਘ ਚਿੱਲਾ
ਬਨੂੜ 31 ਅਗਸਤ
ਇਥੇ ਨਹਿਰ ਵਿੱਚ 14 ਅਗਸਤ ਨੂੰ ਪਿੰਡ ਘੜਾਮਾਂ ਨੇੜੇ ਪਏ ਪਾੜ ਨੂੰ ਪੂਰਨ ਲਈ ਕਿਸਾਨਾਂ ਨੂੰ ਖੁਦ ਹੀ ਅੱਗੇ ਆਉਣਾ ਪਿਆ। ਕਿਸਾਨ ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਘੜਾਮਾਂ, ਅਜੈਬ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਹਰਿੰਦਰ ਸਿੰਘ, ਸੁਖਚੈਨ ਸਿੰਘ, ਪ੍ਰੇਮ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਖੁਦ ਹੀ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕ ਕੇ ਅੱਜ ਇਸ ਪਾੜ ਨੂੰ ਪੂਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨੂੰ ਉਹ ਨਹਿਰੀ ਪਾੜ ਨੂੰ ਪੂਰਨ ਲਈ ਕਹਿ-ਕਹਿ ਕੇ ਥੱਕ ਗਏ ਸਨ ਤੇ ਵਿਭਾਗ ਨੇ ਪਾੜ ਪੂਰਨ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਾੜ ਕਾਰਨ ਨਹਿਰ ਦਾ ਪਾਣੀ ਬੰਦ ਸੀ ਤੇ ਕਿਸਾਨਾਂ ਦੇ ਝੋਨੇ, ਮੱਕੀ, ਚਾਰੇ ਤੇ ਹੋਰ ਫਸਲਾਂ ਨੂੰ ਸੋਕਾ ਲਗ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਖੁਦ ਹੀ ਇਹ ਹੰਭਲਾ ਮਾਰਨਾ ਪਿਆ। ਇਸੇ ਦੌਰਾਨ ਇਲਾਕੇ ਦੇ ਕਈਂ ਹੋਰ ਪਤਵੰਤਿਆਂ ਨੇ ਬਨੂੜ ਨਹਿਰ ਦੇ ਮਟੀਰੀਅਲ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਲਿਖਤੀ ਦਰਖਾਸਤ ਵੀ ਦੇਣਗੇ। ਉਨ੍ਹਾਂ ਕਿਹਾ ਕਿ 125 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੀ ਬਨੂੜ ਨਹਿਰ ਵਿੱਚ ਸਮਰੱਥਾ ਤੋਂ ਅੱਧਾ ਪਾਣੀ ਛੱਡਦਿਆਂ ਹੀ ਇਸ ਵਿੱਚ ਪਾੜ ਪੈਣ ਲੱਗ ਜਾਂਦੇ ਹਨ। ਵਿਭਾਗ ਦੇ ਜੇਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਦਾ ਪਾੜ ਵਿਭਾਗ ਵੱਲੋਂ ਹੀ ਪੂਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਵਿਭਾਗ ਦੀ ਸਹਾਇਤਾ ਕੀਤੀ ਹੈ।