ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਜੁਲਾਈ
ਮੇਅਰ ਸਰਬਜੀਤ ਕੌਰ ਢਿੱਲੋਂ ਨੇ ਅੱਜ ਇੱਥੇ ਪਿੰਡ ਰਾਏਪੁਰ ਕਲਾਂ ਦੀ ਗਊਸ਼ਾਲਾ ਵਿੱਚ ਵੈਟਰਨਰੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇੱਥੇ ਜ਼ਮੀਨ ਵਿੱਚ ਕਹੀ ਨਾਲ ਟੱਕ ਲਗਾ ਕੇ ਹਸਤਪਾਲ ਦੇ ਉਸਾਰੀ ਕਾਰਜ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਬੋਲਦਿਆਂ ਮੇਅਰ ਨੇ ਕਿਹਾ ਕਿ ਰਾਏਪੁਰ ਕਲਾਂ ਦੀ ਗਊਸ਼ਾਲਾ ਵਿੱਚ 1000 ਦੇ ਕਰੀਬ ਗਊਆਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਨਗਰ ਨਿਗਮ ਵੱਲੋਂ ਇੱਥੇ ਇਸ ਗਊਸ਼ਾਲਾ ਵਿੱਚ ਵੈਟਰਨਰੀ ਹਸਪਤਾਲ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇੱਥੇ 3.32 ਕਰੋੜ ਰੁਪਏ ਦੀ ਲਾਗਤ ਨਾਲ ਇਹ ਵੈਟਰਨਰੀ ਹਸਪਤਾਲ ਬਣਾਇਆ ਜਾ ਰਿਹਾ ਜੋ 9 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਹੇਠਲੀ ਮੰਜ਼ਿਲ ’ਤੇ ਡਾਕਟਰ ਰੂਮ, ਅਪਰੇਸ਼ਨ ਥੀਏਟਰ, ਅਲਟਰਾ ਸਾਊਂਡ ਰੂਮ, ਐਕਸ-ਰੇਅ ਰੂਮ, ਪਖਾਨਾ ਬਲਾਕ ਬਣਾਏ ਜਾਣਗੇ ਜਦੋਂਕਿ ਪਹਿਲੀ ਮੰਜ਼ਿਲ ’ਤੇ ਰਸੋਈ, ਲੈਬਾਰਟਰੀ, ਸਟਾਫ ਦਫ਼ਤਰ ਅਤੇ ਪਖਾਨਾ ਬਲਾਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬਿਮਾਰ ਜਾਨਵਰਾਂ ਲਈ 6450 ਵਰਗ ਫੁੱਟ ਖੇਤਰ ਵਿੱਚ ਵੱਖਰੀ ਇਮਾਰਤ ਬਣਾਈ ਜਾਵੇਗੀ।
ਇਸ ਮੌਕੇ ਬੋਲਦਿਆਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਰਾਏਪੁਰ ਕਲਾਂ ਵਿੱਚ ਇਸ ਗਊਸ਼ਾਲਾ ਦਾ ਉਦੇਸ਼ ਆਵਾਰਾ ਅਤੇ ਲਾਵਾਰਸ ਪਸ਼ੂਆਂ ਦੀ ਦੇਖਭਾਲ ਨੂੰ ਸੁਚਾਰੂ ਬਣਾਉਣਾ ਹੈ। ਇਸ ਮੌਕੇ ਨਿਗਮ ਦੇ ਚੀਫ ਇੰਜਨੀਅਰ ਐਨਪੀ ਸਿੰਘ, ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ, ਡਿਪਟੀ ਮੇਅਰ ਅਨੂਪ ਗੁਪਤਾ, ਇਲਾਕਾ ਕੌਂਸਲਰ ਹਰਜੀਤ ਸਿੰਘ ਸਣੇ ਹੋਰ ਕੌਂਸਲਰ ਅਤੇ ਅਧਿਕਾਰੀ ਵੀ ਹਜ਼ਾਰ ਸਨ।