ਪੀ.ਪੀ. ਵਰਮਾ
ਪੰਚਕੂਲਾ, 23 ਮਈ
ਪਿੰਜੌਰ-ਨਾਲਾਗੜ੍ਹ ਰੋਡ ਉੱਤੇ ਪਿੰਡ ਕੌਨਾ ਦੇ ਨਜ਼ਦੀਕ ਬਣੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਇਸ ਕਾਰਨ 40 ਤੋਂ ਵੱਧ ਝੁੱਗੀਆਂ ਸੜ ਗਈਆਂ। ਖੁਦਕਿਸਮਤੀ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਕਾਲਕਾ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਇੰਚਾਰਜ ਚਰਨ ਦਾਸ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਝੁੱਗੀਆਂ ਵਿੱਚ ਅੱਗ ਲੱਗ ਗਈ ਹੈ। ਜਦੋਂ ਤੱਕ ਉਨ੍ਹਾਂ ਦੀਆਂ ਗੱਡੀਆਂ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੀਆਂ ਤੱਦ ਤੱਕ 40 ਝੁੱਗੀਆਂ ਸੜ ਚੁੱਕੀਆਂ ਸਨ। ਫਾਇਰ ਬ੍ਰਿਗੇਡ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਲਗਪਗ 20-25 ਹੋਰ ਝੁੱਗੀਆਂ ਨੂੰ ਸੜਨ ਤੋਂ ਬਚਾ ਲਿਆ।