ਕਰਮਜੀਤ ਸਿੰਘ ਚਿੱਲਾ
ਬਨੂੜ, 7 ਜੁਲਾਈ
ਬੀਤੀ ਰਾਤ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਲੇਹਲਾਂ ਦੇ ਕਿਸਾਨਾਂ ਨੇ ਦੋ ਮੋਟਰਸਾਈਕਲਾਂ ਅਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਕਿਸਾਨਾਂ ਅਨੁਸਾਰ ਇਹ ਚੋਰ ਗਰੋਹ ਸੀ, ਜਿਹੜਾ ਕਿ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਅਤੇ ਹੋਰ ਸਮੱਗਰੀ ਚੋਰੀ ਕਰਦਾ ਸੀ। ਕਿਸਾਨਾਂ ਨੇ ਦੱਸਿਆ ਕਿ ਗਰੋਹ ਦੇ ਪੰਜ ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਲੇਹਲਾਂ, ਨੱਤਿਆਂ, ਉੜਦਣ, ਖੇੜਾ ਗੱਜੂ, ਮਿਰਜ਼ਾਪੁਰ, ਕਲੌਲੀ, ਖਾਨਪੁਰ ਆਦਿ ਦੀਆਂ ਪੰਚਾਇਤਾਂ ਨੇ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨਾਲ ਮੁਲਾਕਾਤ ਕਰਕੇ ਗਰੋਹ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਲੇਹਲਾਂ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਰਾਤੀਂ ਗਿਆਰਾਂ ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਕਿਸਾਨ ਲਾਡੀ ਤੇ ਉਸ ਦਾ ਭਰਾ ਖੇਤ ਵਿੱਚ ਮੋਟਰ ਚਲਾ ਕੇ ਘਰ ਪਰਤਣ ਲੱਗੇ ਤਾਂ ਉਨ੍ਹਾਂ ਦੀ ਮੋਟਰ ਨੇੜੇ ਦੋ ਮੋਟਰਸਾਈਕਲਾਂ ਉੱਤੇ ਛੇ ਨੌਜਵਾਨ ਆ ਗਏ। ਦੋਵੇਂ ਭਰਾਵਾਂ ਨੇ ਹੌਸਲਾ ਕਰਕੇ ਉਨ੍ਹਾਂ ਨੂੰ ਰੋਕ ਲਿਆ, ਤੇ ਉਹ ਮੋਟਰ ਸਾਈਕਲ ਉੱਥੇ ਹੀ ਛੱਡ ਕੇ ਖੇਤਾਂ ਵਿੱਚੋਂ ਫਰਾਰ ਹੋ ਗਏ ਪਰ ਉਨ੍ਹਾਂ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਤੇ ਪਿੰਡ ਵਾਲਿਆਂ ਨੂੰ ਇਤਲਾਹ ਦਿੱਤੀ, ਜਿਸ ਮਗਰੋਂ ਸਾਰਾ ਪਿੰਡ ਉੱਥੇ ਪਹੁੰਚ ਗਿਆ।
ਸਰਪੰਚ ਨੇ ਦੱਸਿਆ ਕਿ ਮੁਲਜ਼ਮ ਨੂੰ ਬਨੂੜ ਪੁਲੀਸ ਦੇ ਹਵਾਲੇ ਕੀਤਾ ਗਿਆ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।