ਪੀ.ਪੀ. ਵਰਮਾ
ਪੰਚਕੂਲਾ, 9 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਜਿੱਤ ਅਤੇ ਹੋਰ ਮੰਗਾਂ ਮੰੰਨੀਆਂ ਜਾਣ ਮਗਰੋਂ ਚੰਡੀਮੰਦਰ ਅਤੇ ਜਲੌਲੀ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਧਰਨੇ 11 ਦਸੰਬਰ ਨੂੰ ਖਤਮ ਹੋਣਗੇ। ਇਹ ਧਰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਸਾਲ ਪਹਿਲਾਂ ਲੱਗੇ ਸਨ। ਇਹ ਦੋਵੇਂ ਧਰਨੇ ਖਤਮ ਕਰਨ ਦਾ ਫੈਸਲਾ ਸਿੰਘੂ ਬਾਰਡਰ ’ਤੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਸਥਾਨਕ ਕਿਸਾਨ ਨੇਤਾ ਕਰਮ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ 11 ਦਸੰਬਰ ਨੂੰ ਸਵੇਰੇ 11 ਵਜੇ ਜ਼ਿਲ੍ਹੇ ਦੇ ਕਿਸਾਨ ਦੋਵੇਂ ਟੌਲ ਪਲਾਜ਼ਿਆਂ ’ਤੇ ਇਕੱਠੇ ਹੋਣਗੇ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਇਸ ਤੋਂ ਬਾਅਦ ਟੋਲ ਪਲਾਜ਼ਿਆਂ ਤੋਂ ਕਿਸਾਨ ਅੰਦੋਲਨਾਂ ਦੀ ਵਾਪਸੀ ਹੋਵੇਗੀ।
ਕਿਸਾਨ ਦਾ ਹੋਵੇਗਾ ਭਰਵਾਂ ਸਵਾਗਤ
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਕਿਸਾਨ ਅੰਦੋਲਨ ਦੀ ਜਿੱਤ ਕਾਰਨ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਦਿੱਲੀ ਤੋਂ ਪਰਤ ਕੇ ਪੰਜਾਬ ਆ ਰਹੇ ਕਿਸਾਨਾਂ ਦਾ ਸਵਾਗਤ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਸਮਾਗਮ ਉਲੀਕੇ ਗਏ ਹਨ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਅਮਲੋਹ ਦੇ ਜਨਰਲ ਸਕੱਤਰ ਬਲਕਾਰ ਸਿੰਘ ਭਾਊ ਦੀ ਅਗਵਾਈ ਵਿੱਚ ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ ’ਤੇ 11 ਦਸੰਬਰ ਨੂੰ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। ਬਲਾਕ ਅਮਲੋਹ ਦੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ, ਆਮ ਲੋਕਾਂ ਅਤੇ ਮਜ਼ਦੂਰਾਂ ਵੱਲੋਂ ਕਿਸਾਨਾਂ ਨੂੰ ‘ਜੀ ਆਇਆਂ’ ਕਿਹਾ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ, ਪੰਮਾ ਸਿੰਘ ਸੰਧੂ, ਸੌਦਾਗਰ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ।