ਕੁਲਦੀਪ ਸਿੰਘ
ਚੰਡੀਗੜ੍ਹ, 19 ਅਗਸਤ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਰਵਿੰਦਰ ਬਿੱਲਾ ਧਾਲੀਵਾਲ ਵੱਲੋਂ ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਦਿਨ-ਰਾਤ ਦੇ ਲਗਾਤਾਰ ਧਰਨੇ ਵਿੱਚ ਅੱਜ ਕਾਂਗਰਸੀ ਵਿਧਾਇਕ ਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਕੁਲਜੀਤ ਸਿੰਘ ਨਾਗਰਾ ਨੇ ਵੀ ਹਾਜ਼ਰੀ ਭਰੀ ਅਤੇ ਧਰਨੇ ਨੂੰ ਸਮਰਥਨ ਦਿੱਤਾ। ਉਨ੍ਹਾਂ ਸੈਨੇਟ ਚੋਣਾਂ ਵਿੱਚ ਅੜਿੱਕੇ ਡਾਹੁਣ ਲਈ ਪੀਯੂ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ ਤੁਰੰਤ ਕਰਵਾਈ ਜਾਵੇ।
ਇਸ ਤੋਂ ਇਲਾਵਾ ਅਦਾਕਾਰਾਂ ਤੇ ਕਲਾਕਾਰਾਂ ਵਿੱਚੋਂ ਅਮਿਤੋਜ਼ ਮਾਨ, ਪ੍ਰੇਮ ਸਿੱਧੂ, ਸਟਾਲਿਨਵੀਰ ਸਿੱਧੂ, ਲਾਡੀ ਕਾਂਗੜ ਤੇ ਤਾਰਾਪਲ ਨੇ ਵੀ ਮੌਕੇ ’ਤੇ ਪਹੁੰਚ ਕੇ ਧਰਨੇ ਨੂੰ ਸਮਰਥਨ ਦਿੱਤਾ। ਵਿਦਿਆਰਥੀ ਜਥੇਬੰਦੀਆਂ ਵਿੱਚੋਂ ਪੀਐੱਸਯੂ (ਲਲਕਾਰ), ਏਐੱਸਏ, ਐੱਨਐੱਸਯੂਆਈ, ਪੁਸੂ, ਐੱਸਐੱਫਐੱਸ, ਐੱਸਓਆਈ, ਸੋਪੂ ਤੇ ਯੂਥ ਫਾਰ ਸਵਰਾਜ ਵੀ ਬਿੱਲਾ ਧਾਲੀਵਾਲ ਦੇ ਇਸ ਧਰਨੇ ਵਿਚ ਪਹੁੰਚੇ ਅਤੇ ਸੈਨੇਟ ਚੋਣ ਪ੍ਰਕਿਰਿਆ ਤੁਰੰਤ ਮੁਕੰਮਲ ਕਰਵਾਉਣ ਦੀ ਮੰਗ ਕੀਤੀ। ਗਾਲਵ ਵੜੈਚ ਅਤੇ ਹੁਸਤਿੰਦਰ ਨੇ ਆਪਣੇ ਗੀਤਾਂ ਰਾਹੀਂ ਧਰਨੇ ਵਿੱਚ ਜੋਸ਼ ਭਰਿਆ। ਹੁਸਤਿੰਦਰ ਨੇ ਕਵੀ ਪਾਸ਼ ਦੀ ਕਵਿਤਾ ‘ਡਹਿਕਦੇ ਅੰਗਿਆਰਿਆਂ ’ਤੇ’ ਜਦਕਿ ਗਾਲਵ ਨੇ ‘ਏਕਾ’ ਗਾ ਕੇ ਇਕਜੁੱਟਤਾ ਦਾ ਸੁਨੇਹਾ ਦਿੱਤਾ। ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਨੂੰ ਸਮਰਥਨ ਦੇ ਰਹੇ ਝਾਰਖੰਡ ਦੇ ਸਮਾਜ ਸੇਵੀ ਜ਼ੇਬਾ ਖਾਨ ਵੀ ਪੀਯੂ ਕੈਂਪਸ ਵਿੱਚ ਚੱਲ ਰਹੇ ਇਸ ਧਰਨੇ ਵਿੱਚ ਪਹੁੰਚੇ। ਭਾਜਪਾ-ਆਰਐੱਸਐੱਸ ਉਤੇ ਵਰ੍ਹਦਿਆਂ ਜ਼ੇਬਾ ਖਾਨ ਨੇ ਕਿਹਾ ਕਿ ਜੇਐੱਨਯੂ, ਜੇਐੱਮਆਈ ਅਤੇ ਏਐੱਮਯੂ ਤੋਂ ਬਾਅਦ ਹੁਣ ਪੀਯੂ ਇਨ੍ਹਾਂ ਦੇ ਨਿਸ਼ਾਨ ’ਤੇ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਕਜੁੱਟ ਹੋ ਕੇ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਦੇ ਰਹਿਣ ਦਾ ਹੋਕਾ ਦਿੱਤਾ। ਇਸ ਦੌਰਾਨ ਸਾਬਕਾ ਸੈਨੇਟਰ ਅਤੇ ਮੌਜੂਦਾ ਉਮੀਦਵਾਰ ਡੀਪੀਐੱਸ ਰੰਧਾਵਾ, ਭਗਵੰਤ ਸਿੰਘ ਸਮਾਓ ਤੇ ਕਰਨ ਵੜਿੰਗ ਵੀ ਧਰਨੇ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਤੇ ਸ੍ਰੀ ਧਾਲੀਵਾਲ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦਿੰਦਿਆਂ ਪੀਯੂ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ।