ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 10 ਅਗਸਤ
ਪਿੰਡ ਦੁਰਾਲੀ ਨੂੰ ਆਉਂਦੀਆਂ ਦੋ ਸੰਪਰਕ ਸੜਕਾਂ ਉੱਤੇ ਲੋਕ ਨਿਰਮਾਣ ਵਿਭਾਗ ਪੱਥਰ ਵਿਛਾ ਕੇ ਲੁੱਕ ਪਾਉਣੀ ਭੁੱਲ ਗਿਆ ਹੈ। ਦੋਵੇਂ ਸੜਕਾਂ ਦੇ ਜ਼ਿਆਦਾਤਰ ਪੱਥਰ ਉੱਖੜ ਚੁੱਕੇ ਹਨ। ਰਾਤ ਦੇ ਹਨੇਰੇ ਵਿੱਚ ਅਤੇ ਬਾਰਿਸ਼ ਪੈਣ ਸਮੇਂ ਪੱਥਰਾਂ ਅਤੇ ਚਿੱਕੜ ਕਾਰਨ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਦੇ ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਨ੍ਹਾਂ ਸੜਕਾਂ ਉੱਤੇ ਤੁਰੰਤ ਪ੍ਰੀਮਿਕਸ ਨਾ ਵਿਛਾਈ ਗਈ ਤਾਂ ਪਿੰਡ ਵਾਸੀ ਬਨੂੜ-ਲਾਂਡਰਾਂ ਕੌਮੀ ਮਾਰਗ ਉੱਤੇ ਪਿੰਡ ਸਨੇਟਾ ਵਿੱਚ ਜਾਮ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਪਿੰਡ ਦੇ ਵਸਨੀਕਾਂ ਗੁਰਵਿੰਦਰ ਸਿੰਘ, ਰਣਵੀਰ ਸਿੰਘ, ਦੇਵਿੰਦਰ ਸਿੰਘ, ਡਿੰਪੀ, ਰਣਜੀਤ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਸਨੇਟਾ ਤੋਂ ਦੁਰਾਲੀ ਤੱਕ ਸਵਾ ਕਿਲੋਮੀਟਰ ਸੜਕ ਦੇ ਟੋਟੇ ਉੱਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਥਰ ਵਿਛਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਸ ਟੋਟੇ ਨੂੰ ਦਸ ਫੁੱਟ ਤੋਂ ਅਠਾਰਾਂ ਫੁੱਟ ਚੌੜਾ ਕਰਨ ਦਾ ਫੈਸਲਾ ਹੋ ਗਿਆ ਪਰ ਅੱਠ ਮਹੀਨਿਆਂ ਦੌਰਾਨ ਇਸ ਦਾ ਨਿਰਮਾਣ ਕਾਰਜ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਦੁਰਾਲੀ ਤੋਂ ਮਨੌਲੀ ਨੂੰ ਜਾਣ ਵਾਲੀ ਸੜਕ ਉੱਤੇ ਚਾਉਮਾਜਰਾ ਦੇ ਮੋੜ ਤੱਕ ਪੱਥਰ ਵਿਛਿਆਂ ਨੂੰ ਚਾਰ ਮਹੀਨੇ ਹੋ ਚੁੱਕੇ ਹਨ। ਇਸ ਤੋਂ ਅਗਲੇ ਦੋ-ਢਾਈ ਕਿਲੋਮੀਟਰ ਵਿੱਚ ਟੋਏ ਹੀ ਟੋਏ ਪਏ ਹਨ।
ਉਨ੍ਹਾਂ ਕਿਹਾ ਕਿ ਪੱਥਰਾਂ ਅਤੇ ਟੋਇਆਂ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਰਾਲੀ ਦੇ ਵਸਨੀਕਾਂ ਨੂੰ ਬਨੂੜ, ਮੁਹਾਲੀ, ਜ਼ੀਰਕਪੁਰ ਆਦਿ ਜਾਣ ਲਈ ਚਾਰ-ਪੰਜ ਕਿਲੋਮੀਟਰ ਦਾ ਵਾਧੂ ਪੰਧ ਤੈਅ ਕਰਨਾ ਪੈ ਰਿਹਾ ਹੈ ਤੇ ਐਮਰਜੈਂਸੀ ਵੇਲੇ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਕੋਲ ਵੀ ਸੜਕਾਂ ਦਾ ਨਿਰਮਾਣ ਮੁਕੰਮਲ ਕਰਨ ਦੀ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸਨੇਟਾ-ਦੁਰਾਲੀ-ਮਨੌਲੀ ਸੜਕ ਦਾ ਨਿਰਮਾਣ ਮੁਕੰਮਲ ਕਰਾਇਆ ਜਾਵੇ।
ਬਰਸਾਤਾਂ ਕਾਰਨ ਕੰਮ ਵਿੱਚ ਹੋਈ ਦੇਰੀ: ਐੱਸਡੀਓ
ਐੱਸਡੀਓ ਰਿਸ਼ਵ ਗੋਇਲ ਨੇ ਦੱਸਿਆ ਕਿ ਸਨੇਟਾ-ਦੁਰਾਲੀ ਸੜਕ ਦਸ ਤੋਂ ਅਠਾਰਾਂ ਫੁੱਟ ਚੌੜੀ ਹੋਣ ਕਾਰਨ ਕੰਮ ਵਿੱਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਪਹਿਲਾਂ ਦਸ ਫੁੱਟ ਚੌੜੀ ਸੜਕ ’ਤੇ ਪੱਥਰ ਵਿਛੇ ਸੀ ਤੇ ਹੁਣ ਚੌੜੀ ਕੀਤੀ ਸੜਕ ’ਤੇ ਪੱਥਰ ਵਿਛਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਬਰਸਾਤਾਂ ਕਾਰਨ ਲੁੱਕ ਦਾ ਕੰਮ ਨਹੀਂ ਹੋ ਸਕਦਾ ਤੇ ਸਤੰਬਰ ਦੇ ਆਖੀਰ ਤੱਕ ਸੜਕ ਉੱਤੇ ਪ੍ਰੀਮਿਕਸ ਵਿਛਾ ਦਿੱਤੀ ਜਾਵੇਗੀ।