ਆਤਿਸ਼ ਗੁਪਤਾ
ਚੰਡੀਗੜ੍ਹ, 3 ਫਰਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਵੀ ਸ਼ਹਿਰ ਵਿੱਚ ਪਾਬੰਦੀਆਂ ਦਾ ਘੇਰਾ ਘਟਾ ਲਿਆ ਹੈ। ਪ੍ਰਸ਼ਾਸਨ ਨੇ ਚੰਡੀਗੜ੍ਹੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਸਿਹਤ ਦੀ ਦੇਖਭਾਲ ਲਈ ਪਹਿਲਕਦਮੀ ਕਰਦਿਆਂ ਸੈਕਟਰ-32 ਅਤੇ 16 ਦੇ ਹਸਪਤਾਲ ਵਿੱਚ 50 ਫ਼ੀਸਦ ਸਮਰੱਥਾ ਨਾਲ ਓਪੀਡੀ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਰੋਨਾਵਾਇਰਸ ਸਬੰਧੀ ਸਮੀਖਿਆ ਬੈਠਕ ਦੌਰਾਨ ਕੀਤਾ ਹੈ। ਪ੍ਰਸ਼ਾਸਕ ਨੇ ਪੀਜੀਆਈ ਵਿੱਚ ਸਰੀਰਕ ਤੌਰ ’ਤੇ ਅਤੇ ਟੈਲੀ-ਕੰਸਲਟੈਂਟ ਰਾਹੀਂ 4 ਹਜ਼ਾਰ ਦੀ ਥਾਂ 6 ਹਜ਼ਾਰ ਮਰੀਜ਼ਾਂ ਦੀ ਜਾਂਚ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸ਼ਹਿਰ ਵਿੱਚ ਕਰੋਨਾ ਮਹਾਂਮਾਰੀ ਕਰਕੇ ਲਗਾਏ ਗਏ ਰਾਤ ਦੇ ਕਰਫਿਊ ਵਿੱਚ ਵੀ ਢਿੱਲ ਦਿੰਦਿਆਂ ਕਰਫਿਊ ਦਾ ਸਮਾਂ ਰਾਤ 12.30 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਜੋ ਕਿ ਪਹਿਲਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਸੀ। ਜਦੋਂ ਕਿ ਸ਼ਹਿਰ ਵਿੱਚ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਨਅਤੀ ਖੇਤਰ ਜਾਂ ਹੋਰਨਾਂ ਥਾਵਾਂ ’ਤੇ ਕੰਮ ਕਰਨ ਵਾਲਿਆਂ ਨੂੰ ਅਤੇ ਸ਼ਹਿਰ ਵਿੱਚ ਬੱਸ ਤੇ ਰੇਲ ਗੱਡੀ ਰਾਹੀਂ ਆਵਾਜਾਈ ਨੂੰ ਵੀ ਢਿੱਲ ਦਿੱਤੀ ਗਈ ਹੈ। ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾਂ, ਕੈਫੇਜ਼, ਕਾਫੀ ਸ਼ੋਪ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਨੂੰ ਵੀ ਰਾਤ 12 ਵਜੇ ਤੱਕ ਛੋਟ ਦੇ ਦਿੱਤੀ ਹੈ।
ਪ੍ਰਸ਼ਾਸਕ ਨੇ ਕਰੋਨਾ ਦੇ ਚਲੱਦਿਆ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ’ਤੇ ਲਗਾਈ ਗਈ ਰੋਕ ਨੂੰ ਵਾਪਸ ਲੈਂਦਿਆ 100 ਫ਼ੀਸਦ ਹਾਜ਼ਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਦੋਂ ਕਿ ਸ਼ਹਿਰ ਵਿੱਚ ਇਕੱਠ ਲਈ ਵੀ ਛੋਟ ਦਿੱਤੀ ਹੈ। ਹੁਣ ਅੰਦਰੁਨੀ ਥਾਵਾਂ ’ਤੇ 100 ਜਣੇ ਅਤੇ ਬਾਹਰੀ ਥਾਂ ’ਤੇ 200 ਜਣੇ ਇਕੱਠੇ ਹੋ ਸਕਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਅੰਦਰੁਨੀ ਅਤੇ ਬਾਹਰੀ ਥਾਵਾਂ ’ਤੇ 50 ਫ਼ੀਸਦ ਸਮਰੱਥਾਂ ’ਚ ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਦੇ ਦਿੱਤੀ ਹੈ।