ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਪਰੈਲ
ਇੱਥੋਂ ਦੇ ਕੌਮੀ ਮਾਰਗ ਉੱਤੇ ਨਗਰ ਕੌਂਸਲ ਦੀ ਮਨਜ਼ੂਰੀ ਅਤੇ ਨਕਸ਼ਾ ਪਾਸ ਕਰਾਏ ਬਿਨਾਂ ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਉੱਪਰ ਚੌਥੀ ਮੰਜ਼ਿਲ ਦੀ ਕੀਤੀ ਜਾ ਰਹੀ ਉਸਾਰੀ ਨੇ ਸ਼ਹਿਰ ਦੀ ਸਿਆਸਤ ਭਖਾ ਦਿੱਤੀ ਹੈ। ਕਾਂਗਰਸ ਨੇ ਸਬੰਧਿਤ ਦੁਕਾਨਦਾਰ ਨੂੰ ਹੁਕਮਰਾਨ ਧਿਰ ਨਾਲ ਸਬੰਧਿਤ ਦੱਸਦਿਆਂ ਉਸਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਨਗਰ ਕੌਂਸਲ ਵੱਲੋਂ ਸਬੰਧਿਤ ਦੁਕਾਨਦਾਰ ਨੂੰ ਉਸਾਰੀ ਦਾ ਕੰਮ ਬੰਦ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਕੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਧਾਰਮਿਕ ਸਥਾਨ ਦੀਆਂ ਦੁਕਾਨਾਂ ਵਿੱਚ ਹਾਰਡਵੇਅਰ ਦੇ ਇੱਕ ਦੁਕਾਨਦਾਰ ਵੱਲੋਂ ਪਿਛਲੇ ਦੋ ਦਿਨਾਂ ਤੋਂ ਆਪਣੀ ਦੁਕਾਨ ਦੇ ਉੱਪਰ ਚੌਥੀ ਮੰਜ਼ਿਲ ਦੀ ਇਹ ਉਸਾਰੀ ਕਰਾਈ ਜਾ ਰਹੀ ਹੈ। ਸਬੰਧਿਤ ਦੁਕਾਨਦਾਰ ਦਾ ਪੱਖ ਹੈ ਕਿ ਉਹ ਸਿਰਫ਼ ਦੁਕਾਨ ’ਤੇ ਸਾਮਾਨ ਰੱਖਣ ਲਈ ਸਿਰਫ਼ ਸੈੱਡ ਬਣਾ ਰਹੇ ਹਨ। ਉਨ੍ਹਾਂ ਕਿਸੇ ਵੀ ਬੇਨਿਯਮੀ ਦਾ ਖੰਡਨ ਕੀਤਾ।
ਉੱਧਰ, ਸ਼ਹਿਰ ਵਾਸੀ ਖਜ਼ਾਨ ਸਿੰਘ ਅਤੇ ਕਾਂਗਰਸੀ ਆਗੂਆਂ ਕੁਲਵਿੰਦਰ ਸਿੰਘ ਭੋਲਾ, ਸੋਨੀ ਸੰਧੂ, ਜਗਦੀਸ਼ ਕਾਲਾ ਨੇ ਕਿਹਾ ਕਿ ਸਬੰਧਿਤ ਦੁਕਾਨਦਾਰ ਹੁਕਮਰਾਨ ਧਿਰ ਦਾ ਕਾਰਕੁਨ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕੋਈ ਨਕਸ਼ਾ ਪਾਸ ਕਰਾਏ ਇਹ ਉਸਾਰੀ ਸਰਕਾਰੀ ਧਿਰ ਦੀ ਸਹਿ ’ਤੇ ਹੀ ਹੋ ਰਹੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਬੰਧਿਤ ਉਸਾਰੀ ਲਈ ਕੋਈ ਨਕਸ਼ਾ ਪਾਸ ਨਹੀਂ ਕਰਾਇਆ ਗਿਆ ਅਤੇ ਨਾ ਹੀ ਮਨਜ਼ੂਰੀ ਲਈ ਗਈ ਹੈ। ਉੁਨ੍ਹਾਂ ਕਿਹਾ ਕਿ ਕੌਂਸਲ ਨੇ ਸਬੰਧਿਤ ਦੁਕਾਨਦਾਰ ਨੂੰ ਨੋਟਿਸ ਭੇਜ ਕੇ ਨਾਜਾਇਜ਼ ਉਸਾਰੀ ਬੰਦ ਕਰਨ ਲਈ ਕਿਹਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਕੌਂਸਲ ਅਗਲੇਰੀ ਕਾਰਵਾਈ ਕਰੇਗੀ। ਥਾਣਾ ਬਨੂੜ ਦੇ ਮੁਖੀ ਗੁਰਚਰਨ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਪੁਲੀਸ ਪਾਰਟੀ ਨੂੰ ਕੰਮ ਬੰਦ ਕਰਾਉਣ ਲਈ ਭੇਜਿਆ ਗਿਆ ਹੈ।