ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਅਪਰੈਲ
ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ। ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਨਾ ਕੇਵਲ ਜੁਰਮਾਨਾ ਵਸੂਲਿਆ ਜਾਵੇਗਾ, ਸਗੋਂ ਸਬੰਧਿਤ ਖ਼ਪਤਕਾਰ ਦੇ ਘਰ ਅਤੇ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਇਹ ਹੁਕਮ ਅੱਜ ਤੋਂ ਹੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਦੇ ਐਕਸੀਅਨ ਸੁਨੀਲ ਕੁਮਾਰ ਨੇ ਦੱਸਿਆ ਕਿ ਸਵੇਰ ਅਤੇ ਸ਼ਾਮ ਪਾਣੀ ਦੀ ਸਪਲਾਈ ਦੌਰਾਨ ਬਗ਼ੀਚਿਆਂ, ਗ਼ਮਲਿਆਂ ਵਿੱਚ ਲੱਗੇ ਬੂਟਿਆਂ ਨੂੰ ਟੂਟੀ ਤੋਂ ਸਿੱਧੀ ਪਾਈਪ ਲਗਾ ਕੇ ਪਾਣੀ ਦੇਣਾ, ਸਕੂਟਰ, ਕਾਰਾਂ ਜਾਂ ਹੋਰ ਗੱਡੀਆਂ ਧੋਣਾ, ਘਰਾਂ ਦੇ ਵਿਹੜੇ, ਫਰਸ਼, ਸੜਕਾਂ ਨੂੰ ਧੋਣ, ਫਰੂਲ ਤੋਂ ਮੀਟਰ ਤੱਕ ਪਾਈਪ ਵਿੱਚ ਕੋਈ ਵੀ ਲੀਕੇਜ ਹੋਣ, ਘਰ ਦੀ ਛੱਤ ਉੱਤੇ ਰੱਖੀ ਟੈਂਕੀ, ਡੈਜਰਟ ਕੂਲਰਾਂ ਦਾ ਪਾਣੀ ਓਵਰਫਲੋ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਟੁਲੂ ਪੰਪ ਰਾਹੀਂ ਪਾਈਪਲਾਈਨ ਤੋਂ ਸਿੱਧੇ ਪਾਣੀ ਲੈਣ ’ਤੇ ਵੀ ਰੋਕ ਲਗਾਈ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਘਰ ਵਿੱਚ ਕਾਰਾਂ ਬੇਸ਼ੱਕ ਕੋਈ ਕਿਰਾਏਦਾਰ ਜਾਂ ਘਰ ਵਿੱਚ ਕੰਮ ਕਰਨ ਵਾਲਾ ਨੌਕਰ ਜਾਂ ਨੌਕਰਾਣੀ ਹੀ ਧੋਂਦਾ ਪਾਇਆ ਜਾਵੇਗਾ ਤਾਂ ਓਲੰਘਣਾ ਕਾਰਨ ਹੋਣ ਵਾਲਾ ਜੁਰਮਾਨਾ ਮਕਾਨ ਮਾਲਕ ਨੂੰ ਕੀਤਾ ਜਾਵੇਗਾ। ਜੋ ਵੀ ਖ਼ਪਤਕਾਰ ਪਾਣੀ ਦੀ ਦੁਰਵਰਤੋਂ ਕਰੇਗਾ ਤਾਂ ਉਸ ਨੂੰ ਪਹਿਲੀ ਓਲੰਘਣਾ ’ਤੇ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ, ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੁਰਮਾਨੇ ਦੀ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। ਤੀਜੀ ਵਾਰ ਓਲੰਘਣਾ ’ਤੇ ਖ਼ਪਤਕਾਰ ਨੂੰ ਬਿਨਾ ਨੋਟਿਸ ਦਿੱਤੇ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ।