ਨਿਗਮ ਦੇ ਨਵੇਂ ਹਾਊਸ ਦੀ ਪਲੇਠੀ ਮੀਟਿੰਗ ’ਚ ਹੰਗਾਮਾ

ਵਿਰੋਧੀ ਧਿਰ ਨੇ ਸਰਬਜੀਤ ਕੌਰ ਨੂੰ ਮੇਅਰ ਮੰਨਣ ਤੋਂ ਇਨਕਾਰ ਕੀਤਾ

ਨਿਗਮ ਦੇ ਨਵੇਂ ਹਾਊਸ ਦੀ ਪਲੇਠੀ ਮੀਟਿੰਗ ’ਚ ਹੰਗਾਮਾ

ਨਗਰ ਨਿਗਮ ਦੀ ਮੀਟਿੰਗ ਦੌਰਾਨ ਮੇਅਰ ਦੀ ਕੁਰਸੀ ਅੱਗੇ ਬੈਠ ਕੇ ਧਰਨਾ ਦਿੰਦੇ ਹੋਏ ‘ਆਪ’ ਤੇ ਕਾਂਗਰਸ ਦੇ ਕੌਂਸਲਰ। -ਫੋਟੋ: ਮਨੋਜ ਮਹਾਜਨ

ਮੁਕੇਸ਼ ਕੁਮਾਰ

ਚੰਡੀਗੜ੍ਹ, 24 ਜਨਵਰੀ

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਹੀ ਅੱਜ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੀ ਨਵੀਂ ਚੁਣੀ ਗਈ ਮੇਅਰ ਨੂੰ ਨਿਗਮ ਹਾਊਸ ਦੀ ਪਹਿਲੀ ਮੀਟਿੰਗ ਵਿੱਚ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ਸ਼ੁਰੂ ਹੁੰਦੇ ਹੀ ਪਿਛਲੀ ਬੈਠਕ ਦੇ ਮਿਨਟਸ ਨੂੰ ਪ੍ਰਵਾਨਗੀ ਦੇਣ ਦੌਰਾਨ ਹੀ ਮੇਅਰ ਦੀ ਚੋਣ ਵਾਲੇ ਮੁੱਦੇ ’ਤੇ ‘ਆਪ’ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।

‘ਆਪ’ ਕੌਂਸਲਰਾਂ ਨੇ ਮੇਅਰ ਦੀ ਚੋਣ ਸਬੰਧੀ ਮਾਮਲਾ ਹਾਈ ਕੋਰਟ ਵਿੱਚ ਵਿਚਾਰਅਧੀਨ ਹੋਣ ਕਰ ਕੇ ਸਰਬਜੀਤ ਕੌਰ ਨੂੰ ਮੇਅਰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਕੌਂਸਲਰਾਂ ਦੇ ਨਾਲ ਬੈਠਣ ਲਈ ਕਿਹਾ। ਉੱਧਰ, ਇਸੇ ਮੁੱਦੇ ਨੂੰ ਲੈ ਕੇ ਕਾਂਗਰਸੀ ਕੌਂਸਲਰ ਵੱਲੋਂ ਪੁੱਛੇ ਗਏ ਇੱਕ ਸਵਾਲ ’ਤੇ ਮੇਅਰ ਨੇ ਕਿਹਾ ਕਿ ਉਹ ਤਾਂ ਮੇਅਰ ਦੀ ਚੋਣ ਵਾਲੀ ਮੀਟਿੰਗ ਵਿੱਚ ਹਾਜ਼ਰ ਹੀ ਨਹੀਂ ਸਨ ਤਾਂ ਇਸ ਬਾਰੇ ਸਵਾਲ ਕਿਉਂ ਚੁੱਕ ਰਹੇ ਹਨ। ਇਸ ’ਤੇ ਕਾਂਗਰਸੀ ਕੰਸਲਰ ਵੀ ‘ਆਪ’ ਕੌਂਸਲਰਾਂ ਨਾਲ ਮਿਲ ਕੇ ਮੇਅਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਕਰੀਬ ਦੋ ਘੰਟੇ ਤੱਕ ਇਹ ਸਿਲਸਿਲਾ ਜਾਰੀ ਰਿਹਾ ਅਤੇ ਵਿਰੋਧੀ ਧਿਰ ਨੇ ਹਾਊਸ ਦੀ ਕਾਰਵਾਈ ਨੂੰ ਰੋਕੀ ਰੱਖਿਆ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਵਿੱਚ ਇੱਕਲੌਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਮੌਕਾ ਮਿਲਦੇ ਹੀ ਕੋਈ ਨਾ ਕੋਈ ‘ਛੁਰਲੀ’ ਛੱਡਦੇ ਰਹੇ।

ਸਥਿਤੀ ਕਾਬੂ ਵਿੱਚ ਨਾ ਅਉਂਦੀ ਦੇਖ ਕੇ ਮੇਅਰ ਸਰਬਜੀਤ ਕੌਰ ਮੀਟਿੰਗ ਵਿਚਾਲੇ ਹੀ ਛੱਡੇ ਕੇ ਚਲੀ ਗਈ ਅਤੇ ਉਨ੍ਹਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ ਦਲੀਪ ਸ਼ਰਮਾ ਨੇ ਮੇਅਰ ਦੀ ਜ਼ਿੰਮੇਵਾਰੀ ਸੰਭਾਲੀ। ਇਸ ਦੌਰਾਨ ਸ੍ਰੀ ਸ਼ਰਮਾ ਨੇ ਨਿਗਮ ਸਕੱਤਰ ਨੂੰ ਏਜੰਡਿਆਂ ਬਾਰੇ ਚਰਚਾ ਸ਼ੁਰੂ ਕਰਨ ਲਈ ਕਿਹਾ ਤਾਂ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਨਿਗਮ ਦੀ ਕਾਰਵਾਈ ਵਿੱਚ ਫਿਰ ਹੰਗਾਮਾ ਸ਼ੁਰੂ ਕਰ ਦਿੱਤਾ। ਦੋਵੇਂ ਪਾਰਟੀਆਂ ਦੇ ਕੌਂਸਲਰ ਮੇਅਰ ਦੀ ਸੀਟ ਦੇ ਸਾਹਮਣੇ ਆ ਗਏ ਅਤੇ ਉੱਥੇ ਧਰਨਾ ਮਾਰ ਦਿੱਤਾ। ਮੇਅਰ ਦੀ ਸੀਟ ’ਤੇ ਬੈਠੇ ਸ੍ਰੀ ਸ਼ਰਮਾ ਨੇ ਮਾਰਸ਼ਲ ਸੱਦ ਕੇ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਹਾਊਸ ’ਚੋਂ ਬਾਹਰ ਕੱਢਣ ਦੇ ਆਦੇਸ਼ ਦਿੱਤੇ। ਇਸੇ ਸ਼ੋਰ ਸ਼ਰਾਬੇ ਦੌਰਾਨ ਸ਼ਹਿਰ ਦੇ ਡੰਪਿੰਗ ਗਰਾਊਂਡ ਦੇ ਕੂੜੇ ਨੂੰ ਹਟਾਉਣ ਅਤੇ ਗਾਰਬੇਜ ਪ੍ਰੋਸੇਸਿੰਗ ਪਲਾਂਟ ਦੀ ਮਸ਼ੀਨਰੀ ਚਾਲੂ ਕਰਨ ਲਈ ਪੇਸ਼ ਕੀਤੇ ਗਏ ਮਤਿਆਂ ਨੂੰ ਵੋਟਿੰਗ ਕਰਵਾ ਕੇ ਪ੍ਰਵਾਨਗੀ ਦੇ ਦਿੱਤੀ ਗਈ। ਨਿਗਮ ਵਲੋਂ ਲਗਪਗ 6 ਕਰੋੜ ਰੁਪਏ ਨਾਲ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀਆਂ ਮਸ਼ੀਨਾਂ ਨੂੰ ਅਪਗਰੇਡ ਕਰਾਇਆ ਜਾਵੇਗਾ ਤਾਂ ਜੋ ਸ਼ਹਿਰ ਵਿਚੋਂ ਨਿਕਲਣ ਵਾਲਾ ਕੂੜਾ ਪੂਰੀ ਤਰ੍ਹਾਂ ਪ੍ਰੋਸੈਸ ਹੋ ਸਕੇ। ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਅਨੁਸਾਰ ਇਥੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਵਿੱਚ ਬਣੇ ਕੂੜੇ ਦੇ ਇੱਕ ਹੋਰ ਢੇਰ ਨੂੰ ਸਾਫ ਕਰਨ ਲਈ ਭਾਰਤ ਸਰਕਾਰ ਦੇ 77 ਕਰੋੜ ਰੁਪਏ ਦੇ ਪੇਸ਼ ਪ੍ਰਸਤਾਵ ਨੂੰ ਪਾਸ ਕੀਤਾ ਗਿਆ।

ਇਸ ਦੇ ਨਾਲ ਹੀ ਸੀਵਰੇਜ ਦੀ ਸਫਾਈ ਕਰਨ ਵਾਲੇ 14 ਕਰਮਚਾਰੀਆਂ ਨੂੰ ਉਨ੍ਹਾਂ ਦੀ ਬੇਸਿਕ ਤਨਖ਼ਾਹ ਦਾ 10 ਫ਼ੀਸਦੀ ਵਾਧੂ ਭੱਤਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ।  

ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ

ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਵਿੱਤੇ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਕਮੇਟੀ ਦੇ ਪੰਜ ਮੈਂਬਰਾਂ ਲਈ ਪੰਜ ਹੀ ਕੌਂਸਲਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ, ਇਸ ਲਈ ਨਾਮਜ਼ਦਗੀ ਭਰਨ ਵਾਲੇ ਪੰਜੋਂ ਕੌਂਸਲਰਾਂ ਨੂੰ ਸਰਬਸੰਮਤੀ ਨਾਲ ਕਮੇਟੀ ਦੇ ਮੈਂਬਰ ਚੁਣ ਲਿਆ ਗਿਆ। ਕਾਂਗਰਸੀ ਕੌਂਸਲਰ ਗੁਰਬਖ਼ਸ਼ ਕੌਰ ਰਾਵਤ, ‘ਆਪ’ ਵੱਲੋਂ ਤਰੁਣਾ ਮਹਿਤਾ ਤੇ ਜਸਬੀਰ ਸਿੰਘ ਲੱਦੀ ਅਤੇ ਭਾਜਪਾ ਵੱਲੋਂ ਸੌਰਭ ਜੋਸ਼ੀ ਤੇ ਮਹੇਸ਼ਇੰਦਰ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਚੁਣਿਆ ਗਿਆ ਹੈ। ਨਗਰ ਨਿਗਮ ਦੀ ਸਭ ਤੋਂ ਵਕਾਰੀ ਮੰਨੀ ਜਾਣ ਵਾਲੀ ਇਸ ਕਮੇਟੀ ਦਾ ਚੇਅਰਮੈਨ ਮੇਅਰ ਹੁੰਦਾ ਹੈ ਅਤੇ ਇਸ ਕਮੇਟੀ ਦਾ ਕਾਰਜਕਾਲ ਮੇਅਰ ਦੇ ਕਾਰਜਕਾਲ ਦੇ ਬਰਾਬਰ ਇੱਕ ਸਾਲ ਦਾ ਹੁੰਦਾ ਹੈ।

ਬੁਟੇਰਲਾ ਵੱਲੋਂ ਪ੍ਰਸ਼ਾਸਕ ਤੋਂ ਨਿਗਮ ਦੀ ਨਵੀਂ ਬਾਡੀ ਭੰਗ ਕਰਨ ਦੀ ਮੰਗ

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਲੀ ਲਾਲ ਪੁਰੋਹਿਤ ਨੂੰ ਇੱਕ ਚਿੱਠੀ ਲਿਖ ਕੇ ਨਿਗਮ ਦੀ ਮੌਜੂਦਾ ਨਵੀਂ ਚੁਣੀ ਗਈ ਬਾਡੀ ਨੂੰ ਭੰਗ ਕਰ ਕੇ ਦੁਬਾਰਾ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਸ਼ਾਸਕ ਨੂੰ ਲਿੱਖੀ ਚਿੱਠੀ ਵਿੱਚ ਕੌਂਸਲਰ ਬੁਟੇਰਲਾ ਨੇ ਲਿਖਿਆ ਹੈ ਕਿ ਮੌਜੂਦਾ ਸਮੇਂ ਦੀ ਨਗਰ ਨਿਗਮ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਕੌਸਲਰਾਂ ਦੀ ਆਪਸੀ ਸਿਆਸੀ ਖਹਿਬੜਬਾਜ਼ੀ ਕਾਰਨ ਚੰਡੀਗੜ੍ਹ ਦਾ ਨਾਮ ਖਰਾਬ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਅਸਰ ਪੈਣਾ ਵੀ ਲਾਜ਼ਮੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All