ਸ਼ਸ਼ੀਪਾਲ ਜੈਨ
ਖਰੜ, 24 ਜੂਨ
ਖਰੜ ਨਗਰ ਕੌਸਲ ਦੀ ਅੱਜ ਹੋਈ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਜਿਥੇ ਵਿਰੋਧੀ ਗਰੁੱਪ ਦੇ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ ਉਥੇ ਕੌਸਲ ਦੇ ਸਟਾਫ ਵੱਲੋਂ ਵੀ ਦਫਤਰ ਵਿੱਚ ਧਰਨਾ ਦਿੱਤਾ ਗਿਆ। ਵੇਰਵਿਆਂ ਅਨੁਸਾਰ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਕੌਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੋਂਗੀਆਂ ਨੇ ਕਿਹਾ ਕਿ 1 ਤੋਂ 18 ਤੱਕ ਅਤੇ 20 ਨੰਬਰ ਮਤਾ ਪਾਸ ਹੈ ਅਤੇ 19 ਨੰਬਰ ਮਤਾ, ਜਿਸ ਵਿਚ ਖਰੜ ਦੇ ਮਾਸਟਰ ਪਲਾਨ ਵਿੱਚ ਮੌਜੂਦਾ ਸਥਿਤੀ ਮੁਤਾਬਿਕ ਸੋਧ ਕਰਨ ਸਬੰਧੀ ਹੈ, ਉਸ ਨੂੰ ਪੈਂਡਿੰਗ ਰੱਖ ਲਿਆ ਗਿਆ ਹੈ।
ਇਸ ਉਪਰੰਤ ਉਹ ਮੀਟਿੰਗ ਵਿੱਚੋਂ ਉਠ ਕੇ ਚਲੀ ਗਈ। ਕੁਝ ਦੇਰ ਬਾਅਦ ਹੀ ਪ੍ਰਧਾਨ ਦਾ ਪਤੀ, ਜੋ ਉਥੇ ਮੌਜੂਦ ਸੀ, ਅੰਦਰ ਆਇਆ ਅਤੇ ਉਸ ਨੇ ਕਿਹਾ ਕਿ ਮੀਟਿੰਗ ਕੈਂਸਲ ਹੋ ਗਈ ਹੈ। ਇਸ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਅਤੇ ਪ੍ਰਧਾਨ ਦੇ ਪਤੀ ਵਿਚਕਾਰ ਕਾਫੀ ਬਹਿਸ ਹੋਈ। ਇਸ ਸਬੰਧੀ ਮੈਂਬਰਾਨ ਹਰਿੰਦਰਪਾਲ ਸਿੰਘ ਜੌਲੀ, ਰਾਜਿੰਦਰ ਨੰਬਰਦਾਰ ਅਤੇ ਵਨੀਤ ਜੈਨ ਦਾ ਕਹਿਣਾ ਸੀ ਕਿ ਜਦੋਂ ਮੀਟਿੰਗ ਹੋਈ ਹੀ ਨਹੀਂ ਤਾਂ ਪ੍ਰਧਾਨ ਨੇ ਮਤੇ ਕਿਵੇਂ ਪਾਸ ਕਰ ਦਿੱਤੇ? ਉਨ੍ਹਾਂ ਕਿਹਾ ਕਿ ਪ੍ਰਧਾਨ ਤਾਂ ਬਾਹਰ ਚਲੀ ਗਈ ਹੈ ਅਤੇ ਉਸ ਦਾ ਪਤੀ ਕਿਸ ਤਰ੍ਹਾਂ ਇਹ ਕਹਿ ਸਕਦਾ ਹੈ ਕਿ ਮੀਟਿੰਗ ਕੈਂਸਲ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਏਜੰਡੇ ਵਿੱਚ ਸ਼ਹਿਰ ਦੇ ਮਾਸਟਰ ਪਲਾਨ ਵਿੱਚ ਸੋਧਾਂ ਸਬੰਧੀ ਮਤਾ ਸੀ। ਉਨ੍ਹਾਂ ਸਵਾਲ ਪੁੱਛਿਆ ਕਿ ਜਦੋਂ ਮਾਸਟਰ ਪਲਾਨ ਸਰਕਾਰ ਨੇ ਬਣਾਈ ਹੈ ਤਾਂ ਅਸੀਂ ਕੌਣ ਹੁੰਦੇ ਹਾਂ ਇਸ ਵਿੱਚ ਸੋਧ ਕਰਨ ਵਾਲੇ? ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਿਲਡਰਾਂ ਨੂੰ ਕਥਿਤ ਤੌਰ ’ਤੇ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਵਿਰੋਧੀ ਗਰੁੱਪ ਦੇ ਮੈਂਬਰ ਕਾਰਜਸਾਧਕ ਅਫਸਰ ਦੇ ਕਮਰੇ ਵਿੱਚ ਚਲੇ ਗਏ ਅਤੇ ਇਸੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਹਰਿੰਦਰਪਾਲ ਸਿੰਘ ਜੌਲੀ ਵੱਲੋਂ ਮੁਲਾਜ਼ਮਾਂ ਵਿਰੁੱਧ ਕਥਿਤ ਤੌਰ ’ਤੇ ਮਾੜੀ ਸ਼ਬਦਾਵਲੀ ਵਰਤੀ ਗਈ ਜਿਸ ਦੇ ਰੋਸ ਵਜੋਂ ਸਾਰੇ ਮੁਲਾਜ਼ਮ ਧਰਨੇ ’ਤੇ ਬੈਠ ਗਏ। ਬਾਅਦ ਵਿੱਚ ਸ੍ਰੀ ਜੌਲੀ ਨੇ ਕਿਹਾ ਗਿਆ ਕਿ ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਇਸੇ ਦੌਰਾਨ ਖਰੜ ਨਗਰ ਕੌਂਸਲ ਦੇ ਕੁੱਲ 27 ਵਿਚੋਂ 13 ਮੈਂਬਰਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਦੀ ਮੀਟਿੰਗ ਦੇ ਏਜੰਡੇ ਸਬੰਧੀ ਉਨ੍ਹਾਂ ਪਹਿਲਾਂ ਹੀ ਭਿਣਕ ਲੱਗ ਗਈ ਸੀ ਕਿ ਏਜੰਡੇ ਵਿੱਚ ਅਜਿਹੇ ਤਖਮੀਨੇ ਰੱਖੇ ਜਾ ਰਹੇ ਹਨ ਜਿਸ ਨਾਲ ਨਗਰ ਕੌਂਸਲ ਨੂੰ ਕਥਿਤ ਤੌਰ ’ਤੇ ਚੂਨਾ ਲੱਗਣ ਵਾਲਾ ਹੈ। ਇਸ ਕਰਕੇ 18 ਕੌਂਸਲਰਾਂ ਵੱਲੋਂ ਪ੍ਰਧਾਨ ਨੂੰ ਚਿੱਠੀ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਮੀਟਿੰਗ ਦੇ ਏਜੰਡੇ ਵਿੱਚ ਅਜਿਹਾ ਮਤਾ ਨਾ ਰੱਖਿਆ ਜਾਵੇ ਜਿਸ ਕਾਰਨ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਉਨ੍ਹਾਂ ਲਿਖਿਆ ਕਿ ਇਸ ਦੇ ਉਲਟ ਮੀਟਿੰਗ ਦਾ ਜੋ ਏਜੰਡਾ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਭੇਜਿਆ ਗਿਆ ਉਹ ਏਜੰਡਾ ਕਿਸੇ ਵੀ ਕਸੌਟੀ ’ਤੇ ਖਰਾ ਨਹੀਂ ਉਤਰਦਾ।
ਮੀਟਿੰਗ ਦੇ ਏਜੰਡੇ ਦੀ ਵਿਜੀਲੈਂਸ ਤੋਂ ਜਾਂਚ ਮੰਗੀ
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੰਗ ਕੀਤੀ ਕਿ ਇਸ ਮੀਟਿੰਗ ਨੂੰ ਰੱਦ ਕਰਵਾ ਦਿੱਤਾ ਜਾਵੇ ਤੇ ਮੀਟਿੰਗ ਦੇ ਏਜੰਡੇ ਦੀ ਸਟੇਟ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਵਾਈ ਜਾਵੇ।