ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਅਕਤੂਬਰ
ਇੱਥੋਂ ਦੇ ਬਿਸ਼ਨਪੁਰਾ ਵਿੱਚ ਲੰਘੇ ਦਿਨੀਂ ਨੀਂਦ ਦੀਆਂ ਗੋਲੀਆਂ ਖੁਆ ਕੇ ਲੁੱਟ-ਖੋਹ ਕਰਨ ਦੇ ਮਾਮਲੇ ਵਿੱਚ ਬਜ਼ੁਰਗਾਂ ਨੇ ਹੋਸ਼ ਵਿੱਚ ਆ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪੁਲੀਸ ਨੂੰ ਦੱਸਿਆ ਕਿ ਚਮਚਮ ਮਠਿਆਈ ਵਿੱਚ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਨੀਂਦ ਦੀਆਂ ਗੋਲੀਆਂ ਖੁਆਈਆਂ ਸਨ। ਓਵਰਡੋਜ਼ ਕਾਰਨ ਬਜ਼ੁਰਗ ਬਿਰਖਾ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਤਿੰਨ ਬੇਹੋਸ਼ ਹੋ ਗਏ ਸਨ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਬਿਰਖਾ ਸਿੰਘ ਦੇ ਜੀਜਾ ਛੱਜੂ ਨੇ ਦੱਸਿਆ ਕਿ ਉਹ ਆਪਣੀ ਪਤਨੀ ਬਿਜਲੀ, ਸਾਲੀ ਕੈਲਾਸ਼ੋ ਅਤੇ ਸਾਲਾ ਬਿਰਖਾ ਸਿੰਘ ਨਾਲ ਪਿੰਡ ਬਿਸ਼ਨਪੁਰਾ ਵਿੱਚ ਝੁੱਗੀਆਂ ਵਿੱਚ ਰਹਿੰਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੀ ਇਕ ਤਰੀਕ ਨੂੰ ਰਾਤ ਨੂੰ ਉਹ ਰੋਟੀ ਖਾ ਕੇ ਸੋਣ ਲੱਗੇ ਸਨ। ਇਸ ਦੌਰਾਨ ਉਨ੍ਹਾਂ ਦੀ ਝੁੱਗੀ ਨਾਲ ਮੁੰਗਫਲੀ ਵੇਚਣ ਵਾਲਾ ਰਮੇਸ਼ ਕੁਮਾਰ ਮਠਿਆਈ ਲੈ ਕੇ ਉਨ੍ਹਾਂ ਕੋਲ ਆਇਆ। ਉਸ ਨੇ ਉਨ੍ਹਾਂ ਨੂੰ ਚਮਚਮ ਖਾਣ ਲਈ ਦਿੱਤੀ। ਉਹ ਖਾ ਕੇ ਉਨ੍ਹਾਂ ਨੂੰ ਨੀਂਦ ਆਉਣ ਲੱਗ ਗਈ। ਮੁਲਜ਼ਮ ਰਮੇਸ਼ ਨੇ ਉਨ੍ਹਾਂ ਦੀ ਬੇਹੋਸ਼ੀ ਦਾ ਫਾਇਦਾ ਚੁੱਕ ਕੇ ਉਸ ਦੀ ਪਤਨੀ ਅਤੇ ਸਾਲੀ ਦੇ ਕੰਨਾਂ ਅਤੇ ਗਲੇ ਵਿੱਚ ਪਾਏ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਦਸ ਹਜ਼ਾਰ ਦੀ ਨਕਦੀ ਉਡਾ ਲਈ ਜਿਸ ਮਗਰੋਂ ਉਹ ਚਾਰੇ ਜਣੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੇ ਸਾਲੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।