ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਗਸਤ
ਇੱਥੋਂ ਦੇ ਸੈਕਟਰ-17 ਬੱਸ ਅੱਡੇ ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸੈਕਟਰ-17 ਸਥਿਤ ਆਈਐੱਸਬੀਟੀ ਤੋਂ ਲਾਵਾਰਿਸ ਹਾਲਤ ਵਿੱਚ ਬੈਗ ਪਿਆ ਮਿਲਿਆ। ਇਹ ਬੈਗ ਹਰਿਆਣਾ ਅਤੇ ਦਿੱਲੀ ਜਾਣ ਵਾਲੀਆਂ ਬੱਸਾਂ ਦੇ ਟਿਕਟ ਕਾਉੂਂਟਰ ਕੋਲ ਪਿਆ ਮਿਲਿਆ। ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਬੰਬ ਸਕੁਐਡ, ਡਾਗ ਸਕੁਐਡ ਅਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਪੁਲੀਸ ਨੇ ਬੱਸ ਅੱਡੇ ’ਤੇ ਲੋਕਾਂ ਦੀ ਭੀੜ ਨੂੰ ਹਟਾ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਕੱਪੜੇ ਤੇ ਕਾਗਜ਼ਾਤ ਬਰਾਮਦ ਹੋਏ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਬੈਗ ਉਤਰਾਖੰਡ ਦੇ ਅਲਮੋੜਾ ਵਿੱਚ ਰਹਿਣ ਵਾਲੇ ਹਰੀਸ਼ ਚੰਦਰ ਨਾਮ ਦੇ ਵਿਅਕਤੀ ਦਾ ਹੈ। ਚੰਡੀਗੜ੍ਹ ਪੁਲੀਸ ਨੇ ਉਕਤ ਵਿਅਕਤੀ ਦੇ ਭਰਾ ਦਿਨੇਸ਼ ਕੁਮਾਰ ਨਾਲ ਸੰਪਰਕ ਕਰਕੇ ਜਾਂਚ ਕੀਤੀ ਤਾਂ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਚੰਡੀਗੜ੍ਹ ਆਇਆ ਸੀ, ਜੋ ਕਿ ਆਪਣਾ ਬੈਗ ਚੰਡੀਗੜ੍ਹ ਭੁੱਲ ਗਿਆ। ਚੰਡੀਗੜ੍ਹ ਪੁਲੀਸ ਨੇ ਬੈਗ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।