ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ (ਮੁਹਾਲੀ), 25 ਅਪਰੈਲ
ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰੀ ਇਕੱਤਰਤਾ ਡਾ. ਦੀਪਕ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਸੈਕਟਰ 69 ਦੀ ਪਬਲਿਕ ਲਾਇਬਰੇਰੀ ਵਿੱਚ ਹੋਈ। ਇਸ ਮੌਕੇ ਇੰਗਲੈਂਡ ਤੋਂ ਪੁੱਜੀ ਲੇਖਕਾ ਡਾ. ਅਮਰ ਜਿਓਤੀ ਨਾਲ ਰੂ-ਬਰੂ ਕਰਵਾਇਆ ਗਿਆ। ਬੜੋਦਰਾ (ਗੁਜਰਾਤ) ਤੋਂ ਆਏ ਉਰਦੂ ਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਬੀਰ ਡਾਵਰ ਨੇ ਆਪਣੀਆਂ ਕਵਿਤਾਵਾਂ ਅਤੇ ਸੂਫ਼ੀ ਕਲਾਮਾਂ ਨਾਲ ਰੰਗ ਬੰਨ੍ਹਿਆ।
ਡਾ. ਅਮਰ ਜਿਓਤੀ ਨੇ ਮੈਗਜ਼ੀਨ ‘ਪੰਖੜੀਆਂ’ ਦੀ ਸੰਪਾਦਕੀ ਤੋਂ ਲੈ ਕੇ ਪੋਲੈਂਡ ਵਿੱਚ ਰਹਿੰਦਿਆਂ ਡੱਚ ਭਾਸ਼ਾ ਵਿੱਚ ਰਚੇ ਸਾਹਿਤ ਅਤੇ ਇੰਗਲੈਂਡ ਵਿੱਚ ਪੰਜਾਬੀ ਵਿੱਚ ਕੀਤੇ ਜਾ ਰਹੇ ਸਾਹਿਤਕ ਸਫ਼ਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਆਪਣੀਆਂ ਰਚਨਾਵਾਂ ਵੀ ਸੁਣਾਈਆਂ।
ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ। ਇਸ ਵਿੱਚ ਸੁਰਜੀਤ ਕੌਰ ਬੈਂਸ, ਸੇਵੀ ਰਾਇਤ, ਅਮਰਜੀਤ ਕੌਰ ਘੁੰਮਣ, ਸ਼ਿਰੀ ਰਾਮ ਅਰਸ਼, ਜਗਦੀਪ ਕੌਰ ਨੂਰਾਨੀ, ਸੁਖਦੇਵ ਸਿੰਘ ਸਿੱਧੂ, ਨਰਿੰਦਰ ਕੌਰ ਨਸਰੀਨ, ਪੰਨਾ ਲਾਲ ਮੁਸਤਫ਼ਾਬਾਦੀ, ਨਵਨੀਤ ਕੌਰ ਮਠਾੜੂ, ਭੁਪਿੰਦਰ ਮਟੌਰੀਆ, ਬਲਵਿੰਦਰ ਸਿੰਘ ਢਿਲੋਂ ਨੇ ਕਵਿਤਾਵਾਂ, ਨਜ਼ਮਾਂ, ਗੀਤ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।
ਮੰਚ ਸੰਚਾਲਨ ਡਾ. ਸਵੈਰਾਜ ਸੰਧੂ ਅਤੇ ਕਵਿਤਰੀ ਨਰਿੰਦਰ ਕੌਰ ਨਸਰੀਨ ਨੇ ਕੀਤਾ। ਸਭਾ ਦੇ ਪ੍ਰਧਾਨ ਡਾ ਸ਼ਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।