ਆਤਿਸ਼ ਗੁਪਤਾ
ਚੰਡੀਗੜ੍ਹ, 29 ਜੂਨ
ਸਿਟੀ ਬਿਊਟੀਫੁੱਲ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਦੇ ਨਾਲ-ਨਾਲ ਯੂਟੀ ਪ੍ਰਸ਼ਾਸਨ ਵੱਲੋਂ ਸਖ਼ਤੀ ਦਾ ਘੇਰਾ ਵੀ ਘਟਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਦੁਕਾਨਾਂ ਨੂੰ ਸਵੇਰੇ 10 ਤੋਂ ਰਾਤ 9 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜੋ ਪਹਿਲਾਂ ਸਵੇਰੇ 10 ਤੋਂ ਰਾਤ 8 ਵਜੇ ਤੱਕ ਖੁੱਲ੍ਹਦੀਆਂ ਸਨ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਤੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਲਿਆ ਹੈ। ਦੂਜੇ ਪਾਸੇ, ਕਰੋਨਾਵਾਇਰਸ ਦੀ ਤੀਜੀ ਲਹਿਰ ਅਤੇ ਡੈਲਟਾ ਪਲੱਸ ਦੇ ਨਵੇਂ ਸਟਰੇਨ ਦੀ ਆਮਦ ਦੇ ਖਦਸ਼ੇ ਤਹਿਤ ਲੋਕਾਂ ਨੂੰ ਚੌਕਸੀ ਰੱਖਣ ਲਈ ਪ੍ਰੇਰਿਆ ਜਾ ਰਿਹਾ ਹੈ।
ਯੂਟੀ ਦੇ ਪ੍ਰਸ਼ਾਸਕ ਨੇ ਦੱਸਿਆ ਕਿ ਸ਼ਹਿਰ ਵਿੱਚ ਹੋਰ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਨੇ ਵਪਾਰੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਕਰੋਨਾਵਾਇਰਸ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉੱਧਰ, ਪ੍ਰਸ਼ਾਸਕ ਨੇ ਚੰਡੀਗੜ੍ਹ ਪੁਲੀਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਖ਼ਤੀ ਕਰਨ ਦੀ ਹਦਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਅਤੇ ਵਿਸ਼ੇਸ਼ ਤੌਰ ’ਤੇ ਸੁਖਨਾ ਝੀਲ ’ਤੇ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸ੍ਰੀ ਬਦਨੌਰ ਨੇ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਪੀਜੀਆਈ ਵੱਲੋਂ ਸੈਰੋ ਸਰਵੇ ਕੀਤਾ ਜਾ ਰਿਹਾ ਹੈ। ਇਸ ਲਈ ਅੱਗੇ ਆ ਕੇ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਸੈਰੋ ਸਰਵੇ ਕਰੋਨਾ ਦੀ ਅਗਲੀ ਲਹਿਰ ਦੀ ਰੋਕਥਾਮ ਲਈ ਬਹੁਤ ਜ਼ਰੂਰੀ ਹੈ। ਫੂਡ ਅਤੇ ਸਪਲਾਈ ਵਿਭਾਗ ਦੇ ਸਕੱਤਰ ਵਿਨੋਦ ਪੀ ਕਾਵਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣਾ ਅੰਨ ਯੋਜਨਾ ਅਧੀਨ 90 ਫ਼ੀਸਦ ਲੋਕਾਂ ਤੱਕ ਰਾਸ਼ਨ ਪਹੁੰਚਾ ਦਿੱਤਾ ਹੈ।
ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ 11,270 ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ 1.4 ਫ਼ੀਸਦ ਲੋਕ ਹੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ’ਚੋਂ 98.4 ਫ਼ੀਸਦ ਲੋਕ ਠੀਕ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵੈਕਸੀਨੇਸ਼ਨ ਮੁਹਿੰਮ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਹੁਣ ਤੱਕ 5,11,872 ਲੋਕਾਂ ਦੇ ਟੀਕਾ ਲਗਾ ਦਿੱਤਾ ਹੈ। ਯੂਟੀ ਕੋਲ 38 ਹਜ਼ਾਰ ਵੈਕਸੀਨ ਦੀ ਖੇਪ ਪਈ ਹੈ। ਸੈਕਟਰ-32 ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਦੱੱਸਿਆ ਕਿ ਸ਼ਹਿਰ ਵਿੱਚ 4413 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 0.84 ਫ਼ੀਸਦ ਹੀ ਪਾਜ਼ੇਟਿਵ ਪਾਏ ਗਏ ਹਨ।
ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੇ ਆਪਣੀ ਕਿਤਾਬ ‘ਆਈਐੱਮਏ ਕਰੋਨਾ ਸਰਵਾਇਵਰ’ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਭੇਟ ਕੀਤੀ।
ਚੰਡੀਗੜ੍ਹ ’ਚ ਕਰੋਨਾ ਦੇ 7 ਪਾਜ਼ੇਟਿਵ ਕੇਸ
ਚੰਡੀਗੜ੍ਹ (ਪੱਤਰ ਪ੍ਰੇਰਕ): ਇੱਥੇ ਅੱਜ ਸੱਤ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਦੌਰਾਨ ਘਰੇਲੂ ਇਕਾਂਤਵਾਸ ’ਤੇ ਚੱਲ ਰਹੇ 41 ਮਰੀਜ਼ ਸਿਹਤਯਾਬ ਹੋ ਗਏ ਹਨ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਘਟ ਕੇ 163 ਰਹਿ ਗਿਆ ਹੈ।
ਸ਼ਾਮ ਨੂੰ ਵੀ ਲੱਗੇਗਾ ਟੀਕਾ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾ ਰੋਕੂ ਮੁਹਿੰਮ ਨੂੰ ਤੇਜ਼ ਕਰਦਿਆਂ ਸ਼ਾਮ ਨੂੰ ਟੀਕਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ 30 ਜੂਨ ਤੋਂ ਸੈਕਟਰ-16 ਹਸਪਤਾਲ ਵਿੱਚ ਸ਼ਾਮ 5 ਤੋਂ ਰਾਤ 9 ਵਜੇ ਤੱਕ ਟੀਕਾ ਲਗਾਇਆ ਜਾਵੇਗਾ।