ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੁਲਾਈ
ਪੰਜਾਬੀ ਟ੍ਰਿਬਿਊਨ ਵਿੱਚ ਪਿੰਡ ਤੰਗੋਰੀ ਦੀ ਸੌ ਏਕੜ ਤੋਂ ਵੱਧ ਜ਼ਮੀਨ ਅਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਭਰਨ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਮਗਰੋਂ ਅਤੇ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਮੋਟੇਮਾਜਰਾ ਨੇੜੇ ਭਾਰੀ ਮਾਤਰਾ ਵਿੱਚ ਪਾਣੀ ਇਕੱਤਰ ਹੋਣ ਮਗਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ। ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਨਿਕਾਸੀ ਪੁਲੀ ਦੇ ਨੇੜੇ ਪੈਂਦੇ ਇੱਕ ਖੇਤ ਵਿੱਚ ਪਾਈ ਹੋਈ ਮਿੱਟੀ ਵਿੱਚੋਂ ਨਾਲਾ ਪੁੱਟ ਕੇ ਪਾਣੀ ਦੀ ਨਿਕਾਸੀ ਆਰੰਭ ਕਰਵਾਈ ਗਈ। ਦੁਪਹਿਰ ਸਮੇਂ ਕਈ ਅਧਿਕਾਰੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਟੀਮ ਨੂੰ ਪਾਣੀ ਵਿੱਚ ਡੁੱਬੀ ਖੜ੍ਹੀ ਸੈਂਕੜੇ ਏਕੜ ਫ਼ਸਲ ਵਿਖਾ ਕੇ ਪਾਣੀ ਦੇ ਨਿਕਾਸ ਦੀ ਮੰਗ ਕੀਤੀ। ਅਧਿਕਾਰੀਆਂ ਨੇ ਮੌਕੇ ਉੱਤੇ ਜੇਸੀਬੀ ਮਸ਼ੀਨ ਬੁਲਾ ਕੇ ਪਹਿਲਾਂ ਇੱਕ ਨਿਕਾਸੀ ਪੁਲੀ ਨੇੜਲੀ ਮਿੱਟੀ ਹਟਾ ਕੇ ਪਾਣੀ ਦਾ ਨਿਕਾਸ ਚਾਲੂ ਕਰਨ ਦਾ ਯਤਨ ਕੀਤਾ ਪਰ ਅਗਲੇ ਪਾਸੇ ਵਾਲੇ ਫਾਰਮ ਹਾਊਸ ਵਾਲਿਆਂ ਵੱਲੋਂ ਲਾਏ ਝੋਨੇ ਦੇ ਨੇੜੇ ਉੱਚੀ ਚੁੱਕ ਕੇ ਲਗਾਈ ਰੋਕ ਕਾਰਨ ਪਾਣੀ ਦਾ ਨਿਕਾਸ ਨਾ ਹੋ ਸਕਿਆ ਤੇ ਮੀਂਹ ਕਾਰਨ ਪਾਣੀ ਸੜਕ ਉੱਤੇ ਆ ਗਿਆ। ਸ਼ਾਮ ਸਮੇਂ ਆਵਾਜਾਈ ਵਿੱਚ ਪੈ ਰਹੀ ਰੁਕਾਵਟ ਕਾਰਨ ਪ੍ਰਸ਼ਾਸਨ ਨੇ ਪੁਲੀ ਦੇ ਸਾਹਮਣੇ ਪੈਂਦੇ ਫਾਰਮ ਹਾਊਸ ਵਿੱਚ ਪਾਣੀ ਦੇ ਨਿਕਾਸ ਲਈ ਨਾਲਾ ਪੁਟਵਾ ਦਿੱਤਾ।
ਜਿਹੜੇ ਫਾਰਮ ਹਾਊਸ ਵਿੱਚ ਪ੍ਰਸ਼ਾਸਨ ਵੱਲੋਂ ਪਾਣੀ ਦਾ ਨਿਕਾਸ ਕਰਵਾਇਆ ਗਿਆ, ਉਸ ਦੇ ਮੈਨੇਜਰ ਮਿਥਲੇਸ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਖੇਤ ਵਿੱਚੋਂ ਪਾਣੀ ਦਾ ਕੀਤਾ ਗਿਆ ਨਿਕਾਸ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਪਾਣੀ ਸੜਕ ਦੇ ਨਾਲ-ਨਾਲ ਕੱਢਿਆ ਜਾਣਾ ਬਣਦਾ ਸੀ ਤੇ ਸੜਕ ਦੇ ਨਾਲ ਜੰਗਲਾਤ ਵਿਭਾਗ ਦੀ ਥਾਂ ਪਾਣੀ ਦੇ ਨਿਕਾਸ ਲਈ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪੁਲੀਸ ਦੀ ਮੱਦਦ ਨਾਲ ਉਨ੍ਹਾਂ ਨਾਲ ਧੱਕਾ ਕਰ ਕੇ ਪਾਣੀ ਛੱਡਿਆ, ਜਿਸ ਨਾਲ ਉਸ ਦੇ ਫਾਰਮ ਹਾਊਸ ਵਿੱਚ ਪਾਈ ਪੰਜਾਹ ਲੱਖ ਦੀ ਮਿੱਟੀ ਵੀ ਹੜ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਖ਼ਿਲਾਫ਼ ਉਹ ਸੋਮਵਾਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਅਤੇ ਜੇਕਰ ਫੇਰ ਵੀ ਇਨਸਾਫ਼ ਨਾ ਮਿਲਿਆ ਤਾਂ ਅਦਾਲਤ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਇੱਕ ਪ੍ਰਭਾਵਸ਼ਾਲੀ ਵਿਅਕਤੀ ਵੱਲੋਂ ਸੜਕੀ ਥਾਂ ਵਿੱਚ ਲਾਈ ਰੋਕ ਨੂੰ ਹਟਾਉਣ ਦੀ ਥਾਂ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਪਾਣੀ ਸੁੱਟਣਾ ਸਹੀ ਨਹੀਂ ਹੈ।