ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਪਰੈਲ
ਪਿੰਡ ਬੂਟਾ ਸਿੰਘ ਵਾਲਾ ਦੀ 94 ਸਾਲਾ ਬੇਬੇ ਜਾਗੀਰ ਕੌਰ ਨੇ ਅੱਜ ਪਿੰਡ ਵਿੱਚ ਲੱਗੇ ਕੈਂਪ ਵਿੱਚ ਕਰੋਨਾ ਵੈਕਸੀਨ ਲਗਵਾ ਕੇ ਪਿੰਡ ਵਾਸੀਆਂ ਨੂੰ ਉਤਸ਼ਾਹਿਤ ਕੀਤਾ। ਪਿੰਡ ਦੀ 90 ਸਾਲਾ ਨਸੀਬੋ ਨੇ ਵੀ ਇਸ ਮੌਕੇ ਟੀਕਾ ਲਗਵਾਇਆ, ਜਿਨ੍ਹਾਂ ਨੂੰ ਵੇਖ ਕੇ ਪਿੰਡ ਦੇ 101 ਦੇ ਕਰੀਬ ਪੁਰਸ਼ਾਂ ਅਤੇ ਮਹਿਲਾਵਾਂ ਨੇ ਵੈਕਸੀਨ ਲਗਾਈ। ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਉੱਤੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਪੱਧਰ ਉੱਤੇ ਲਗਾਏ ਜਾ ਰਹੇ ਕੈਂਪਾਂ ਦੀ ਲੜ੍ਹੀ ਅਧੀਨ ਬੂਟਾਸਿੰਘ ਵਾਲਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਇਹ ਕੈਂਪ ਲੱਗਿਆ ਸੀ। ਇਸ ਮੌਕੇ ਬਨੂੜ ਦੇ ਸਰਕਾਰੀ ਹਸਪਤਾਲ ਵਿੱਚੋਂ ਗਈ ਬੇਅੰਤ ਕੌਰ, ਰੂਪਿੰਦਰ ਕੌਰ, ਸਪਨਾ, ਗੁਰਮੀਤ ਕੌਰ ਦੀ ਅਗਵਾਈ ਹੇਠ ਗਈ ਟੀਮ ਨੇ ਪਿੰਡ ਵਾਸੀਆਂ ਨੂੰ ਵੈਕਸੀਨ ਲਗਾਈ।