ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਫਰਵਰੀ
ਯੂਟੀ ਦੇ ਦੋ ਸਰਕਾਰੀ ਕਾਲਜਾਂ ਦੇ ਆਰਜ਼ੀ ਲੈਕਚਰਾਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਲਈ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਇਸ ਮਾਮਲੇ ਵਿਚ ਕਾਲਜ ਦੇ ਪ੍ਰਿੰਸੀਪਲਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ ਤੇ ਇਨ੍ਹਾਂ ਲੈਕਚਰਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਜਾਣਕਾਰੀ ਅਨੁਸਾਰ ਉਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਕਾਲਜ ਸੈਕਟਰ-46 ਤੇ 50 ਵਿਚ ਸੁਸਾਇਟੀ ਰਾਹੀਂ 30 ਦੇ ਕਰੀਬ ਆਰਜ਼ੀ ਲੈਕਚਰਾਰ ਪਿਛਲੇ ਸਾਲ ਸਤੰਬਰ ਵਿਚ ਰੱਖੇ ਗਏ ਸਨ। ਇਨ੍ਹਾਂ ਲੈਕਚਰਾਰਾਂ ਨੂੰ ਵਿਭਾਗ ਨੇ ਜੁਆਇਨ ਤਾਂ ਕਰਵਾ ਲਿਆ ਪਰ ਜੁਆਇਨ ਕਰਵਾਉਣ ਤੋਂ ਹੁਣ ਤਕ ਤਨਖਾਹ ਜਾਰੀ ਨਹੀਂ ਕੀਤੀ ਗਈ। ਸਰਕਾਰੀ ਕਾਲਜ ਸੈਕਟਰ-50 ਦੀ ਇਕ ਲੈਕਚਰਾਰ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ ਜਿਸ ਦੀ ਕਰੋਨਾ ਕਾਲ ਤੋਂ ਹੁਣ ਤਕ ਤਨਖਾਹ ਵਿਚ 50 ਫੀਸਦੀ ਕਟੌਤੀ ਕੀਤੀ ਗਈ ਹੈ ਤੇ ਉਹ ਇਸ ਆਸ ਨਾਲ ਕਾਲਜ ਵਿਚ ਲੈਕਚਰਾਰ ਲੱਗੀ ਸੀ ਕਿ ਘਰ ਦੇ ਖਰਚੇ ਸੌਖੇ ਚੱਲ ਜਾਣਗੇ ਪਰ ਉਚ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਨੌਕਰੀ ’ਤੇ ਰੱਖਣ ਤੋਂ ਬਾਅਦ ਇਕ ਮਹੀਨੇ ਦੀ ਵੀ ਤਨਖਾਹ ਨਹੀਂ ਦਿੱਤੀ ਤੇ ਪਰਿਵਾਰ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰੀ ਕਾਲਜ ਸੈਕਟਰ-46 ਦੇ ਇਕ ਲੈਕਚਰਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਵਿਚ 25 ਹਜ਼ਾਰ ਰੁਪਏ ਮਹੀਨਾ ਨੌਕਰੀ ’ਤੇ ਰੱਖਿਆ ਸੀ ਪਰ ਪੰਜ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ। ਉਹ ਕਈ ਵਾਰ ਸਾਥੀ ਲੈਕਚਰਾਰਾਂ ਰਾਹੀਂ ਪ੍ਰਿੰਸੀਪਲ ਨੂੰ ਇਸ ਸਮੱਸਿਆ ਬਾਰੇ ਦੱਸ ਚੁੱਕੇ ਹਨ ਪਰ ਹਾਲੇ ਤਕ ਤਨਖਾਹ ਜਾਰੀ ਨਹੀਂ ਹੋਈ। ਇਸ ਤੋਂ ਪਹਿਲਾਂ ਅਦਾਲਤੀ ਕੇਸ ਕਾਰਨ ਉਚ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਸੀ ਕਿ ਨਵੇਂ ਸੈਸ਼ਨ ਤੋਂ ਕੋਈ ਵੀ ਰਿਸੋਰਸਪਰਸਨ ਨਹੀਂ ਰੱਖਿਆ ਜਾਵੇਗਾ ਜਿਸ ਕਾਰਨ ਵਿਭਾਗ ਨੇ ਸਤੰਬਰ 2019 ਵਿਚ ਸੁਸਾਇਟੀ ਅਧੀਨ ਤਿੰਨ ਕਾਲਜਾਂ ਸਰਕਾਰੀ ਕਾਲਜ ਸੈਕਟਰ-11, ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ-50 ਤੇ ਸਰਕਾਰੀ ਕਾਲਜ ਸੈਕਟਰ-46 ਵਿਚ 50 ਦੇ ਕਰੀਬ ਟੈਂਪਰੇਰੀ ਕੰਟਰੈਕਚੁਅਲ ਅਸਿਸਟੈਂਟ ਪ੍ਰੋਫੈਸਰ ਰੱਖੇ ਸਨ ਜਿਨ੍ਹਾਂ ਨੂੰ ਫਰਵਰੀ 2020 ਵਿਚ ਰਿਲੀਵ ਕਰ ਦਿੱਤਾ ਗਿਆ ਸੀ। ਲੈਕਚਰਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਰਿਲੀਵ ਨਾ ਕੀਤਾ ਜਾਵੇ ਤੇ 12 ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇ।
ਸਰਕਾਰੀ ਕਾਲਜ-11 ਵਿੱਚ ਨਹੀਂ ਹੋਈ ਲੈਕਚਰਾਰਾਂ ਦੀ ਭਰਤੀ: ਇਸ ਸਾਲ ਸਰਕਾਰੀ ਕਾਲਜ ਸੈਕਟਰ-11 ਵਿਚ ਆਰਜ਼ੀ ਲੈਕਚਰਾਰ ਨਹੀਂ ਰੱਖੇ ਗਏ ਜਦਕਿ ਇਸ ਕਾਲਜ ਵਿਚ ਵੱਡੀ ਗਿਣਤੀ ਲੈਕਚਰਾਰਾਂ ਦੀ ਘਾਟ ਹੈ। ਇਸ ਕਾਲਜ ਦੀ ਪ੍ਰਿੰਸੀਪਲ ਰਮਾ ਅਰੋੜਾ ਪਿਛਲੇ ਸਾਲ ਅਗਸਤ ਵਿਚ ਸੇਵਾ-ਮੁਕਤ ਹੋ ਗਈ ਸੀ। ਇਸ ਤੋਂ ਬਾਅਦ ਇਕ ਮਹੀਨਾ ਕਾਲਜ ਵਿਚ ਕਾਰਜਕਾਰੀ ਪ੍ਰਿੰਸੀਪਲ ਡਾ. ਰੰਜਨ ਤਾਇਨਾਤ ਰਹੇ ਤੇ ਡਾ. ਸੰਗਮ ਕਈ ਮਹੀਨਿਆਂ ਤੋਂ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ ਪਰ ਹਾਲੇ ਤਕ ਹੋਰ ਲੈਕਚਰਾਰਾਂ ਦੀ ਨਿਯੁਕਤੀ ਨਹੀਂ ਕੀਤੀ ਗਈ।
ਤਕਨੀਕੀ ਸਮੱਸਿਆ ਕਾਰਨ ਤਨਖਾਹ ਰੁਕੀ: ਡਾਇਰੈਕਟਰ
ਉਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਤਨਖਾਹ ਜਾਰੀ ਕਰਨ ਵਿਚ ਤਕਨੀਕੀ ਸਮੱਸਿਆ ਆਈ ਹੈ ਜਿਸ ਨੂੰ ਜਲਦੀ ਦੂਰ ਕਰ ਕੇ ਤਨਖਾਹ ਜਾਰੀ ਕਰਵਾਈ ਜਾਵੇਗੀ।