ਪੱਤਰ ਪ੍ਰੇਰਕ
ਕੁਰਾਲੀ, 27 ਜੂਨ
ਸ਼ਹਿਰ ਦੀ ਕੌਮੀ ਮਾਰਗ ਉੱਤੇ ਖੜ੍ਹੇ ਟਰੱਕ ਨਾਲ ਚਾਰ-ਪਹੀਆ ਟੈਂਪੂ ਟਕਰਾਉਣ ਕਾਰਨ ਟੈਂਪੂ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਰੂਪਨਗਰ ਤੋਂ ਖਰੜ ਜਾ ਰਿਹਾ ਟੈਂਪੂ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਿਆ। ਰਾਤ ਦੇ ਹਨੇਰੇ ਕਾਰਨ ਵਾਪਰੇ ਇਸ ਹਾਦਸੇ ਦੌਰਾਨ ਟੈਂਪੂ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਤੇ ਚਾਲਕ ਗੋਲਡੀ ਵਾਸੀ ਮੁਬਾਰਿਕਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਟਰੱਕ ਚਾਲਕ ਆਪਣੇ ਵਾਹਨ ਨੂੰ ਭਜਾ ਕੇ ਲੈ ਗਿਆ। ਪੁਲੀਸ ਨੇ ਟੈਂਪੂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਅਦ ਡਰਾਈਵਰ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਕੇਸਰ ਸਿੰਘ ਨੇ ਕਿਹਾ ਕਿ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਸੜਕ ਹਾਦਸੇ ’ਚ ਡਰਾਈਵਰ ਤੇ ਕਲੀਨਰ ਦੀ ਮੌਤ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਇਥੇ ਜੀਟੀ ਰੋਡ ’ਤੇ ਸਥਿਤ ਜਲੇਬੀ ਪੁਲ ਦੇ ਕੋਲ ਬੀਤੀ ਰਾਤ ਹੋਏ ਹਾਦਸੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਮਾਜਰੀ ਮੁਹੱਲਾ ਵਾਸੀ ਗੁਲਸ਼ਨ ਨੇ ਕਿਹਾ ਹੈ ਕਿ ਉਸ ਦੇ ਮਾਮੇ ਦਾ ਲੜਕਾ ਮਦਨ ਗੋਪਾਲ ਵਾਸੀ ਰਾਦੌਰ ਆਪਣੀ ਪਿਕ-ਅੱਪ ਵੈਨ ਵਿੱਚ ਸਬਜ਼ੀ ਲੋਡ ਕਰ ਕੇ ਬਿਲਾਸਪੁਰ ਜਾ ਰਿਹਾ ਸੀ। ਜਿਵੇਂ ਹੀ ਊਹ ਸ਼ਾਹਬਾਦ ਮਾਰਕੀਟ ਪੁੱਜਾ ਤਾਂ ਉਹ ਪਿਕ-ਅੱਪ ਵੈਨ ਦਾ ਪਿੱਛਲਾ ਟਾਇਰ ਚੈੱਕ ਕਰ ਲੱਗ ਪਿਆ ਤੇ ਕਲੀਨਰ ਕ੍ਰਿਸ਼ਨ ਲਾਲ ਅਗਲਾ ਟਾਇਰ ਚੈੱਕ ਕਰ ਰਿਹਾ ਸੀ। ਇਸੇ ਦੌਰਾਨ ਇਕ ਕੈਂਟਰ ਚਾਲਕ ਨੇ ਆਪਣੇ ਵਾਹਨ ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਪਿਕ-ਅੱਪ ਵੈਨ ਵਿੱਚ ਟੱਕਰ ਮਾਰ ਦਿੱਤੀ। ਮਦਨ ਲਾਲ ਤੇ ਕ੍ਰਿਸ਼ਨ ਲਾਲ ਊੱਤੇ ਕੈਂਟਰ ਚੜ੍ਹ ਗਿਆ ਅਤੇ ਮੌਕੇ ’ਤੇ ਹੀ ਦੋਹਾਂ ਦੀ ਮੌਤ ਹੋ ਗਈ। ਕੈਂਟਰ ਚਾਲਕ ਮੌਕੇ ’ਤੇ ਕੈਟਰ ਛੱਡ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।
ਸਕਾਰਪਿਊ ਨੇ ਤਿੰਨ ਮੋਟਰਸਾਈਕਲਾਂ ਨੂੰ ਮਾਰੀ ਟੱਕਰ; ਪੰਜ ਜ਼ਖ਼ਮੀ: ਸ਼ਾਹਬਾਦ ਜੀਟੀ ਰੇਡ ’ਤੇ ਪਿੰਡ ਧੰਨਤੋੜੀ ਕੋਲ ਤੇਜ਼ ਰਫ਼ਤਾਰ ਸਕਾਰਪਿਉ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਹ ਮੋਟਰਸਾਈਕਲ 100 ਮੀਟਰ ਦੇ ਘੇਰੇ ਵਿਚ ਸਨ। ਇਸ ਹਾਦਸੇ ਕਾਰਨ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਤੇ ਤਿੰਨ ਵਿਅਕਤੀਆਂ ਨੂੰ ਐਲਐਨਜੇਪੀ ਹਸਪਤਾਲ ਕੁਰੂਕਸ਼ੇਤਰ ਤੇ ਇਕ ਵਿਅਕਤੀ ਦਾ ਇਲਾਜ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਵਿੱਚ ਹੋ ਰਿਹਾ ਹੈ। ਸਕਾਰਪਿਉ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਕਾਰਪਿਉ ਵਿਚੋਂ ਸ਼ਰਾਬ ਦੀਆਂ ਬੋਤਲਾਂ ਮਿਲਿਆਂ ਹਨ।