ਪੀ.ਪੀ. ਵਰਮਾ
ਪੰਚਕੂਲਾ, 17 ਮਾਰਚ
ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ ਨੇ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਅਤੇ ਵੱਖ-ਵੱਖ ਪੱਧਰਾਂ ’ਤੇ ਪੈਂਡਿੰਗ ਪਈਆਂ ਫਾਈਲਾਂ ਤੇ ਗੜਬੜਾਂ ਦੀ ਜਾਂਚ ਕਰਨ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਹ ਅਧਿਕਾਰੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਉਨ੍ਹਾਂ ਨੂੰ ਅਲਾਟ ਕੀਤੇ ਗਏ ਦਫ਼ਤਰਾਂ ਤੇ ਖੇਤਰਾਂ ਦਾ ਨਿਰੀਖਣ ਕਰਨਗੇ ਅਤੇ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪਣਗੇ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ, ਪੰਚਕੂਲਾ ਨੂੰ ਉਪ ਮੰਡਲ ਅਫ਼ਸਰ, ਪੰਚਕੂਲਾ/ਕਾਲਕਾ, ਉਪ ਆਬਕਾਰੀ ਤੇ ਕਰ ਕਮਿਸ਼ਨਰ (ਸੇਲਜ਼), ਉਪ ਆਬਕਾਰੀ ਤੇ ਕਰ ਕਮਿਸ਼ਨਰ (ਆਬਕਾਰੀ), ਸਕੱਤਰ ਖੇਤਰੀ ਟਰਾਂਸਪੋਰਟ ਅਥਾਰਿਟੀ, ਜ਼ਿਲ੍ਹਾ ਖੁਰਾਕ ਤੇ ਸਪਲਾਈ ਦਫ਼ਤਰ ਸੌਂਪਿਆ ਗਿਆ ਹੈ। ਨਾਲ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਕੰਟਰੋਲਰ, ਸਿਵਲ ਹਸਪਤਾਲ ਸੈਕਟਰ-6 ਅਤੇ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਵੀ ਅਲਾਟ ਕੀਤੇ ਗਏ ਹਨ।