ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਸਤੰਬਰ
ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਲੇ ਸਾਲ ਤੋਂ ਸਰਕਾਰੀ ਸਕੂਲਾਂ ਵਿਚ ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਵੇ ਚਾਹੇ ਉਸ ਦੇ ਅੰਕ ਘੱਟ ਵੀ ਕਿਉਂ ਨਾ ਆਏ ਹੋਣ। ਉਨ੍ਹਾਂ ਕਿਹਾ ਕਿ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਦੂਜੇ ਸੂਬਿਆਂ ਵਿਚ ਦਾਖਲੇ ਲੈਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਇਸ ਤੋਂ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਨੇ ਮੰਚ ’ਤੇ ਆ ਕੇ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਨਾ ਹੋਣ ਦੀ ਸਮੱਸਿਆ ਦੱਸੀ। ਪ੍ਰਸ਼ਾਸਕ ਪੁਰੋਹਿਤ ਨੇ ਇਸ ਤੋਂ ਬਾਅਦ ਆਉਂਦਿਆਂ ਹੀ ਐਲਾਨ ਕੀਤਾ ਕਿ ਇਹ ਸਮੱਸਿਆ ਫੌਰੀ ਹੱਲ ਕੀਤੀ ਜਾਵੇ ਜਿਸ ਤੋਂ ਬਾਅਦ ਪ੍ਰਸ਼ਾਸਕ ਦੇ ਸਲਾਹਕਾਰ ਨੇ ਇਸ ਸਬੰਧੀ ਨਿਰਦੇਸ਼ ਜਾਰੀ ਵੀ ਕਰ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਈਡਬਲਿਊਐਸ ਦਾਖਲਿਆਂ ਵਿਚ ਪਾਰਦਰਸ਼ਤਾ ਲਿਆਉਣ। ਸ੍ਰੀ ਪੁਰੋਹਿਤ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਜਹੇੜੀ ਤੇ ਸਰਕਾਰੀ ਮਿਡਲ ਸਕੂਲ ਪਲਸੌਰਾ ਦੇ ਐਕਸਟੈਨਸ਼ਨ ਬਲਾਕ ਦਾ ਉਦਘਾਟਨ ਕੀਤਾ।
ਚੰਡੀਗੜ੍ਹ ਵਿਚ ਹੋਰ ਸਰਕਾਰੀ ਸਕੂਲਾਂ ਦਾ ਹੋਵੇਗਾ ਨਿਰਮਾਣ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਕੁਝ ਮਹੀਨੇ ਪਹਿਲਾਂ ਹੱਲੋਮਾਜਰਾ ਦੇ ਟੀਨ ਦੇ ਸ਼ੈਡ ਵਿਚ ਚਲਦੇ ਸਕੂਲ ਦਾ ਜਾਇਜ਼ਾ ਲਿਆ ਸੀ। ਉਦੋਂ ਪਤਾ ਲੱਗਿਆ ਸੀ ਕਿ ਚੰਡੀਗੜ੍ਹ ਵਿਚ ਹਾਲੇ ਵੀ ਸਰਕਾਰੀ ਸਕੂਲਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਹੋਰ ਸਰਕਾਰੀ ਸਕੂਲ ਖੋਲ੍ਹਣ ਦੀ ਯੋਜਨਾ ਹੈ ਤੇ ਉਹ ਵੀ ਨਵੇਂ ਸਕੂਲ ਬਣਵਾਉਣ ਲਈ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਜਿਸ ਬੱਚੇ ਨੇ ਇਕ ਸਕੂਲ ਵਿਚ ਦਸ ਸਾਲ ਲਾਏ ਹਨ ਉਸ ਨੂੰ ਉਸੇ ਸਕੂਲ ’ਚ ਦਾਖਲੇ ਲਈ ਤਰਜੀਹ ਮਿਲੇ।
ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਵਿਚ ਜਾਣ ਤੋਂ ਰੋਕਿਆ
ਡੀਏਵੀ ਕਾਲਜ ਸੈਕਟਰ 10 ਵਿਚ ਵਿਦਿਆਰਥੀਆਂ ਨੇ ਹੋਸਟਲ ਮਾਮਲੇ ’ਤੇ ਪ੍ਰਿੰਸੀਪਲ ਦਾ ਦਫਤਰ ਘੇਰਿਆ ਸੀ । ਵਿਦਿਆਰਥਣਾਂ ਦੀ ਮੰਗ ਸੀ ਕਿ ਕਾਲਜ ਨੇ ਹੋਸਟਲ ਵਿਚ ਲੜਕੀਆਂ ਦਾ ਦਾਖਲਾ ਸਾਢੇ ਸੱਤ ਵਜੇ ਦੀ ਥਾਂ ਸੱਤ ਵਜੇ ਕਰ ਦਿੱਤਾ ਹੈ ਜਦਕਿ ਕਿ ਲੜਕਿਆਂ ਦਾ ਦਾਖਲਾ ਰਾਤ ਨੌਂ ਵਜੇ ਤਕ ਹੈ। ਉਨ੍ਹਾਂ ਮੰਗ ਕੀਤੀ ਕਿ ਲੜਕੀਆਂ ਦੇ ਹੋਸਟਲ ਦਾ ਸਮਾਂ ਵਧਾਇਆ ਜਾਵੇ ਤੇ ਲੜਕਿਆਂ ਦੇ ਸਮੇਂ ਨਾਲ ਇਕ ਸਾਰ ਕੀਤਾ ਜਾਵੇ।