ਕੁਲਦੀਪ ਸਿੰਘ
ਚੰਡੀਗੜ੍ਹ, 13 ਅਗਸਤ
ਪੰਜਾਬ ਯੂਨੀਵਰਸਿਟੀ ਨੇ ਚੋਣਾਂ ਤੋਂ ਬਾਅਦ ਪਹਿਲੀ ਸਿੰਡੀਕੇਟ ਦੀ ਮੀਟਿੰਗ ਅੱਜ ਬਾਅਦ ਦੁਪਹਿਰ ਸਿੰਡੀਕੇਟ ਰੂਮ ਵਿੱਚ ਕੀਤੀ, ਜਿਸ ਵਿੱਚ ਸਾਰੇ ਏਜੰਡਿਆਂ ’ਤੇ ਵਿਚਾਰ-ਚਰਚਾ ਹੋਈ। ਜ਼ਿਆਦਾਤਰ ਏਜੰਡੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਮੀਟਿੰਗ ਦੀ ਸ਼ੁਰੂਆਤ ’ਚ ਸਾਬਕਾ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਹੋਣ ਦੇ ਨਾਤੇ ਪਾਏ ਗਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਤੇ ਪੀ.ਯੂ. ਦੇ ਚਾਂਸਲਰ ਜਗਦੀਪ ਧਨਖੜ ਦਾ ਸਵਾਗਤ ਕੀਤਾ ਗਿਆ। ਐਫੀਲਿਏਟਿਡ ਆਰਟਸ ਕਾਲਜਾਂ ਦੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਦੇ ਹਲਕੇ ਤੋਂ ਸੈਨੇਟ ਦੀ ਇੱਕ ਸੀਟ ਲਈ ਜ਼ਿਮਨੀ ਚੋਣ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ। ਸਿੰਡੀਕੇਟ ਨੇ ਦੂਜੇ ਡੈਂਟਲ ਕਾਲਜਾਂ ਦੇ ਬੀਡੀਐੱਸ ਵਿਦਿਆਰਥੀਆਂ ਨੂੰ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਅਤੇ ਹਸਪਤਾਲ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਨ ਦੀਆਂ ਸਿਫਾਰਸ਼ਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ। ਸਿੰਡੀਕੇਟ ਨੇ ਸਰਬਸੰਮਤੀ ਨਾਲ ਯੂਜੀਸੀ ਰੈਗੂਲੇਸ਼ਨਜ਼, 2022 (ਭਾਰਤੀ ਅਤੇ ਵਿਦੇਸ਼ੀ ਉੱਚ-ਵਿਦਿਅਕ ਸੰਸਥਾਵਾਂ ਵਿਚਾਲੇ ਅਕਾਦਮਿਕ ਸਹਿਯੋਗ) ਨੂੰ ਟਵਿਨਿੰਗ, ਸੰਯੁਕਤ ਡਿਗਰੀ ਅਤੇ ਦੋਹਰੀ ਡਿਗਰੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਦੀ ਆਗਿਆ ਦਿੱਤੀ। ਡਾ. ਸ਼ਾਂਤੀ ਸਵਰੂਪ ਭਟਨਾਗਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜਨੀਅਰਿੰਗ ਐਂਡ ਟੈਕਨੋਲੋਜੀ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਰੁਣ ਅਤੇ ਅਰਵਿੰਦ ਵਰਮਾ (ਬੈਚ-1960) ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਸਾਢੇ ਤਿੰਨ ਕਰੋੜ ਰੁਪਏ ਦੇ ਦਾਨ ਦੀ ਪੇਸ਼ਕਸ਼ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ।
ਇਸ ਤੋਂ ਇਲਾਵਾ ਪੀ.ਯੂ. ਦੇ ਆਰਕੀਟੈਕਟ ਵੱਲੋਂ ਕੈਂਪਸ ਵਿੱਚ ਪ੍ਰਸਤਾਵਿਤ ਪਬਲਿਕ ਸਾਈਕਲ ਸ਼ੇਅਰਿੰਗ ਡੌਕ ਸਥਾਪਤ ਕਰਨ ਬਾਰੇ ਬਿਲਡਿੰਗ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮੀਟਿੰਗ ਦੇ ਬਾਹਰ ਪ੍ਰਦਰਸ਼ਨ
ਚੰਡੀਗੜ੍ਹ: ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਹੇ ਧਰਨੇ ਦੇ ਅੱਜ ਅੱਠਵੇਂ ਦਿਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਪ੍ਰਬੰਧਕੀ ਬਲਾਕ ਵਿੱਚ ਹੋ ਰਹੀ ਸਿੰਡੀਕੇਟ ਦੀ ਮੀਟਿੰਗ ਅੱਗੇ ਧਰਨਾ ਦਿੱਤਾ ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਪ੍ਰਬੰਧਕੀ ਬਲਾਕ ਦੇ ਬਾਹਰ ਸਿੰਡੀਕੇਟ ਦੇ ਮੈਂਬਰਾਂ ਨੂੰ ਸੌਂਪਿਆ।