ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਪਰੈਲ
ਇੱਥੋਂ ਦੇ ਸਕੂਲਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵੀ ਐੱਨਸੀਈਆਰਟੀ ਦੀਆਂ ਪੁਸਤਕਾਂ ਨਹੀਂ ਮਿਲ ਰਹੀਆਂ ਹਨ ਜਿਸ ਕਰ ਕੇ ਵਿਦਿਆਰਥੀਆਂ ਤੇ ਮਾਪਿਆਂ ਦੀ ਪ੍ਰੇਸ਼ਾਨੀ ਵਧ ਗਈ ਹੈ। ਸ਼ਹਿਰ ਦੇ ਕਿਤਾਬਫਰੋਸ਼ਾਂ ਕੋਲ ਇਸ ਵੇਲੇ ਛੇਵੀਂ ਜਮਾਤ ਦੀ ਗਣਿਤ ਤੇ ਦਸਵੀਂ ਜਮਾਤ ਦੀ ਭੂਗੋਲ ਦੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਹਨ, ਜਿਸ ਕਾਰਨ ਮਾਪਿਆਂ ਨੂੰ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਮਹਿੰਗੀਆਂ ਕਿਤਾਬਾਂ ਖਰੀਦਣੀਆਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਛੇਵੀਂ ਜਮਾਤ ਦੀ ਹਿੰਦੀ ਦੀ ਕਿਤਾਬ ‘ਵਸੰਤ’ ਵੀ ਨਹੀਂ ਮਿਲ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਰੇ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਪਰ ਐੱਨਸੀਈਆਰਟੀ ਦੀਆਂ ਕਿਤਾਬਾਂ ਨਾ ਮਿਲਣ ਕਾਰਨ ਵਿਦਿਆਰਥੀਆਂ ਨੂੰ ਸਮੱਸਿਆ ਪੇਸ਼ ਆ ਰਹੀ ਹੈ। ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਐੱਨਸੀਈਆਰਟੀ ਦੀਆਂ ਕਿਤਾਬਾਂ ਸਮੇਂ ਸਿਰ ਨਹੀਂ ਮਿਲੀਆਂ ਸਨ। ਕਈ ਕਿਤਾਬਾਂ ਅਪਰੈਲ ਦੀ ਥਾਂ ਅਗਸਤ ਵਿੱਚ ਮਹੀਨੇ ਮਿਲੀਆਂ ਸਨ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਸੀ।
ਮਹੇਸ਼ ਦੱਤ ਨੇ ਦੱਸਿਆ ਕਿ ਐੱਨਸੀਈਆਰਟੀ ਦੀਆਂ ਕਿਤਾਬਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਪ੍ਰਾਈਵੇਟ ਪਬਲਿਸ਼ਰ ਦੀ ਕਿਤਾਬ ਖਰੀਦਣੀ ਪਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਐੱਨਸੀਈਆਰਟੀ ਦੀਆਂ ਕਿਤਾਬਾਂ ਜ਼ਿਆਦਾ ਤੋਂ ਜ਼ਿਆਦਾ ਬੁੱਕ ਸਟੋਰਾਂ ’ਤੇ ਉਪਲਬਧ ਕਰਵਾਈਆਂ ਜਾਣ। ਇਸੇ ਤਰ੍ਹਾਂ ਸੈਕਟਰ 27 ਦੇ ਇਕ ਸਕੂਲ ਵਿੱਚ ਪੜ੍ਹਦੀ ਇਕ ਲੜਕੀ ਦੇ ਪਿਤਾ ਰਾਜੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਸਵੀਂ ਜਮਾਤ ਦੀ ਭੂਗੋਲ ਦੀ ਕਿਤਾਬ ਨਹੀਂ ਮਿਲ ਰਹੀ ਹੈ। ਉਹ ਕਈ ਦੁਕਾਨਾਂ ’ਤੇ ਪੁੱਛ ਆਏ ਹਨ।
ਸੈਕਟਰ-22 ਦੇ ਵਿਕਰੇਤਾ ਨੂੰ ਐੱਨਸੀਈਆਰਟੀ ਦੀ ਏਜੰਸੀ ਮਿਲੀ
ਮਾਪਿਆਂ ਦੀ ਹਰ ਸਾਲ ਮੰਗ ਰਹਿੰਦੀ ਹੈ ਕਿ ਚੰਡੀਗੜ੍ਹ ’ਚ ਐੱਨਸੀਈਆਰਟੀ ਦੇ ਡੀਲਰ ਵਧਾਏ ਜਾਣ ਤਾਂ ਜੋ ਪੁਸਤਕਾਂ ਦੀ ਥੁੜ੍ਹ ਨਾ ਰਹੇ। ਚੰਡੀਗੜ੍ਹ ਵਿੱਚ ਐੱਨਸੀਈਆਰਟੀ ਦੇ ਚਾਰ ਡੀਲਰ ਮਨਚੰਦਾ ਬੁੱਕ ਸਟੋਰ-1 ਤੇ 2 ਸੈਕਟਰ-19, ਮਾਡਰਨ ਬੁੱਕ ਡਿੱਪੂ ਸੈਕਟਰ-22 ਤੇ ਰਮੇਸ਼ ਬੁੱਕ ਡਿੱਪੂ ਸੈਕਟਰ-23 ਹਨ ਪਰ ਹੁਣ ਐੱਨਸੀਈਆਰਟੀ ਦੀ ਏਜੰਸੀ ਹੈਪੀ ਬੁੱਕ ਡਿੱਪੂ ਸੈਕਟਰ-22 ਨੂੰ ਦੇ ਦਿੱਤੀ ਗਈ ਹੈ। ਇਸ ਦੁਕਾਨ ਦੇ ਮਾਲਕ ਆਨੰਦ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਲ 2019 ਵਿੱਚ ਐੱਨਸੀਈਆਰਟੀ ਦੀਆਂ ਨਕਲੀ ਕਿਤਾਬਾਂ ਸਬੰਧੀ ਮਾਮਲੇ ਵਿੱਚ ਕਲੀਨ ਚਿੱਟ ਮਿਲ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਨਵੀਂ ਦਿੱਲੀ ਦੇ ਵਿਅਕਤੀ ਨੇ ਉਨ੍ਹਾਂ ’ਤੇ ਨਕਲੀ ਪੁਸਤਕਾਂ ਵੇਚਣ ਦੇ ਦੋਸ਼ ਲਗਾਏ ਸਨ ਉਹ ਸਹੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਐੱਨਸੀਈਆਰਟੀ ਦੀਆਂ 100 ਕਿਤਾਬਾਂ ਮੰਗਣ ’ਤੇ ਸਿਰਫ ਦਸ ਭੇਜੀਆਂ ਜਾਂਦੀਆਂ ਹਨ ਜਿਸ ਕਾਰਨ ਪੁਸਤਕਾਂ ਦੀ ਥੁੜ ਰਹਿੰਦੀ ਹੈ।