ਕੁਲਦੀਪ ਸਿੰਘ
ਚੰਡੀਗੜ੍ਹ, 26 ਅਗਸਤ
ਪੰਜਾਬ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ (ਯੂਆਈਈਟੀ) ਦੇ ਵਿਦਿਆਰਥੀਆਂ ਨੇ ਅੱਜ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਸੱਦੇ ’ਤੇ ਫੀਸਾਂ ’ਚ ਵਾਧੇ ਸਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ ਤੇ ਯੂਨੀਵਰਸਿਟੀ ਅਥਾਰਿਟੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਫੀਸ ਵਾਧਾ ਵਾਪਸ ਲੈਣ ਦੀ ਮੰਗ ਕੀਤੀ।
ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਪ੍ਰਤੀਕ, ਮੈਤਰੇ, ਸੁਹੇਲ, ਨਮਨ, ਸੁਖਮਨ, ਗੁਰਪ੍ਰੀਤ ਤੇ ਜੋਬਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜੋ ਫੀਸਾਂ ਕੋਰਸਾਂ ਦੀ ਸ਼ੁਰੂਆਤ ਵੇੇਲੇ ਦੱਸੀਆਂ ਗਈਆਂ ਸਨ ਉਸੇ ਮੁਤਾਬਕ ਫੀਸਾਂ ਵਸੂਲੀਆਂ ਜਾਣੀਆਂ ਚਾਹੀਦੀਆਂ ਹਨ ਜਦਕਿ ’ਵਰਸਿਟੀ ਅਥਾਰਿਟੀ ਵੱਲੋਂ ਯੂਆਈਈਟੀ ਦੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਹਰ ਸਾਲ ਭਾਰੀ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਅੱਜ ਫੀਸਾਂ ’ਚ ਵਾਧੇ ਸਬੰਧੀ ਪੱਤਰ ਦੀਆਂ ਕਾਪੀਆਂ ਸਾੜ ਕੇ ਅਥਾਰਿਟੀ ਨੂੰ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਵੀਆਂ ਫੀਸਾਂ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਹਨ ਅਤੇ ਵਿਦਿਆਰਥੀ ਇਸ ਫੀਸ ਵਾਧੇ ਦਾ ਆਉਂਦੇ ਦਿਨਾਂ ਵਿੱਚ ਹੋਰ ਤਿੱਖਾ ਵਿਰੋਧ ਕਰਨਗੇ।
ਇਸੇ ਦੌਰਾਨ ਯੂਨੀਵਰਸਿਟੀ ’ਚ ਕੁੜੀਆਂ ਦੇ ਹੋਸਟਲ ਨੰਬਰ 4 ਦੀ ਵਾਰਡਨ ਖਿਲਾਫ਼ ਅੱਜ ਐੱਨਐੱਸਯੂਆਈ ਵੱਲੋਂ ਪਹਿਲਾਂ ਹੋਸਟਲ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਜਦੋਂ ਵਿਦਿਆਰਥੀਆਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੈਂਪਸ ਸਥਿਤ ਵਾਈਸ ਚਾਂਸਲਰ ਦੀ ਰਿਹਾਇਸ਼ ਵੱਲ ਪੈਦਲ ਰੋਸ ਮਾਰਚ ਕੀਤਾ, ਜਿੱਥੇ ਕਿ ਉਨ੍ਹਾਂ ਨੂੰ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਵਿਦਿਆਰਥੀ ਆਗੂ ਸਚਿਨ ਗਾਲਵ ਨੇ ਮੰਗ ਕੀਤੀ ਕਿ ਤਮੰਨਾ ਸ਼ਹਿਰਾਵਤ ਨੂੰ ਹੋਸਟਲ ਵਾਰਡਨ ਦੇ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਵੀਸੀ ਦੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਜਾਰੀ ਰਹੇਗਾ।
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਨੂੰ ਧਰਨੇ ਵਾਲੀ ਥਾਂ ਬਦਲਣ ਦਾ ਨੋਟਿਸ
ਚੰਡੀਗੜ੍ਹ: ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਦਲਿਤ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਚੱਲ ਰਹੇ ਧਰਨੇ ਦੇ ਅੱਜ 21ਵੇਂ ਦਿਨ ਅਥਾਰਿਟੀ ਵੱਲੋਂ ਇਹ ਧਰਨਾ ਨਿਸ਼ਚਿਤ ਕੀਤੇ ਗਏ ਰੈਲੀ ਗਰਾਊਂਡ ਵਿੱਚ ਤਬਦੀਲ ਕਰਨ ਸਬੰਧੀ ਨੋਟਿਸ ਬੈਰੀਕੇਡ ਉੱਤੇ ਚਿਪਕਾ ਦਿੱਤਾ ਗਿਆ। ਨੋਟਿਸ ਪੜ੍ਹਦਿਆਂ ਹੀ ਧਰਨਾਕਾਰੀਆਂ ਵਿੱਚ ਰੋਸ ਹੋਰ ਵਧ ਗਿਆ ਅਤੇ ਇਹ ਮਾਮਲਾ ਸੋਸ਼ਲ ਮੀਡੀਆ ਰਾਹੀਂ ਬਹੁਜਨ ਸਮਾਜ ਨਾਲ ਸਬੰਧਤ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਉਪਰੰਤ ਅੰਬੇਡਕਰ ਸੰਯੁਕਤ ਮੋਰਚੇ ਦੇ ਮੈਂਬਰ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ। ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ ਅਤੇ ਪ੍ਰਧਾਨ ਬਲਿੰਦਰ ਕੁਮਾਰ ਨੇ ਕਿਹਾ ਕਿ ਪੀ.ਯੂ. ਅਥਾਰਿਟੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਰਿਲੀਜ਼ ਕਰਨ ਅਤੇ ਪੀ.ਯੂ. ਵਿੱਚ ਰਾਖਵਾਂਕਰਨ ਸਹੀ ਢੰਗ ਨਾਲ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਬਜਾਇ ਗੁੰਡਾਗਰਦੀ ’ਤੇ ਉਤਰ ਆਈ ਹੈ ਅਤੇ ਧਰਨੇ ਨੂੰ ਵਾਈਸ ਚਾਂਸਲਰ ਦਫ਼ਤਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਹੀ ਧਰਨਾ ਲਗਾਤਾਰ ਜਾਰੀ ਰਹੇਗਾ। ਇਹ ਵੀ ਐਲਾਨ ਕੀਤਾ ਗਿਆ ਕਿ 31 ਅਗਸਤ ਨੂੰ ਟਰਾਈਸਿਟੀ ਦੀਆਂ ਦਲਿਤ ਸਮਾਜ ਨਾਲ ਸਬੰਧਤ 20 ਤੋਂ ਵੱਧ ਜਥੇਬੰਦੀਆਂ ਦੇ ਸਹਿਯੋਗ ਨਾਲ ਪੀ.ਯੂ. ਵਿੱਚ ਵਾਈਸ ਚਾਂਸਲਰ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ ਅਤੇ ਦਲਿਤ ਵਿਰੋਧੀ ਅਥਾਰਿਟੀ ਦੀ ਪੋਲ ਖੋਲ੍ਹੀ ਜਾਵੇਗੀ।