ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਸਤੰਬਰ
ਯੂਟੀ ਦੇ ਕਾਲਜਾਂ ਵਿੱਚ ਹਾਲੇ ਵਿਦਿਆਰਥੀ ਚੋਣਾਂ ਦਾ ਐਲਾਨ ਨਹੀਂ ਹੋਇਆ ਹੈ ਪਰ ਸਰਕਾਰੀ ਕਾਲਜਾਂ ਵਿਚ ਚੋਣ ਪ੍ਰਚਾਰ ਭੱਖ ਗਿਆ ਹੈ। ਉਧਰ, ਐਸਡੀ ਕਾਲਜ ਨੇ ਚੋਣ ਪ੍ਰਚਾਰ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਕੁੜੀਆਂ ਦੇ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ।
ਸਰਕਾਰੀ ਪੋਸਟ ਗਰੈਜੂਏਟ ਕਾਲਜ, ਸੈਕਟਰ-11 ਵਿਚ ਵਿਦਿਆਰਥੀ ਜਥੇਬੰਦੀਆਂ ਨੇ ਨਵੇਂ ਵਿਦਿਆਰਥੀਆਂ ਲਈ ਪ੍ਰਚਾਰ ਮੁਹਿੰਮ ਉਲੀਕੀ। ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ ਨੇ ਜਮਾਤਾਂ ਵਿਚ ਜਾ ਕੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਤੇ ਵਿਦਿਆਰਥੀ ਮੰਗਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸੋਈ ਆਗੂ ਮਨਵੀਰ ਸਿੰਘ ਨੇ ਵੀ ਸਾਥੀਆਂ ਨਾਲ ਕਲਾਸਾਂ ਵਿਚ ਜਾ ਕੇ ਪ੍ਰਚਾਰ ਕੀਤਾ। ਮਨਵੀਰ ਨੇ ਕਾਲਜ ਦੀ ਡਿਸਪੈਂਸਰੀ ਵਿਚ ਡਾਕਟਰ ਨਾ ਹੋਣ ਤੇ ਇਸ ਦਾ ਸਮਾਂ ਵਧਾਉਣ ਦਾ ਮੁੱਦਾ ਉਭਾਰਿਆ ਤੇ ਕਾਲਜ ਪ੍ਰਬੰਧਕਾਂ ਨੂੰ ਇਸ ਸਬੰਧੀ ਪੱਤਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਮੰਗ ਕੀਤੀ ਕਿ ਕਾਲਜ ਵਿਚ ਵਾਟਰ ਕੂਲਰਾਂ ਅਤੇ ਕੰਟੀਨ ਵਿੱਚ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੀਜੀਡੀ ਐਸਡੀ ਕਾਲਜ ਸੈਕਟਰ-32 ਵਿੱਚ ਵਿਦਿਆਰਥੀ ਧਿਰਾਂ ਵਿੱਚ ਝੜੱਪ ਹੋਈ ਸੀ, ਜਿਸ ਮਗਰੋਂ ਕਾਲਜ ਪ੍ਰਸ਼ਾਸਨ ਨੇ ਕਾਲਜ ਵਿਚ ਆਈ ਕਾਰਡ ਤੋਂ ਬਿਨਾਂ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਿਦਿਆਰਥੀਆਂ ਦੇ ਕਲਾਸਾਂ ਵਿੱਚ ਜਾ ਕੇ ਪ੍ਰਚਾਰ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਕਾਲਜ ਵਿਚ ਸਟਿੱਕਰ ਤੇ ਪੋਸਟਰ ਲਾਉਣ ’ਤੇ ਪ੍ਰਚਾਰ ਸਮੱਗਰੀ ਵੱਡਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਡੀਨ ਡਾ. ਰਾਜਿੰਦਰ ਸਿੰਘ ਮਾਨ ਤੇ ਡਾ. ਤਰੁਨਦੀਪ ਨੇ ਇਹ ਹੁਕਮ ਜਾਰੀ ਕੀਤੇ ਹਨ। ਉਧਰ, ਡੀਏਵੀ ਕਾਲਜ ਸੈਕਟਰ 10 ਵਿਚ ਡਾਂਸ ਔਡੀਸ਼ਨ ਹੋਣ ਕਾਰਨ ਵਿਦਿਆਰਥੀ ਇਸ ਵਿੱਚ ਹੀ ਮਸ਼ਰੂਫ ਰਹੇੇ। ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ, ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਤੇ ਹੋਰਨਾਂ ਕਾਲਜਾਂ ਵਿੱਚ ਕਿਸੇ ਤਰ੍ਹਾਂ ਦੀ ਚੋਣ ਸਰਗਰਮੀ ਨਜ਼ਰ ਨਹੀਂ ਆਈ।