ਕਰਮਜੀਤ ਸਿੰਘ ਚਿੱਲਾ
ਬਨੂੜ, 13 ਦਸੰਬਰ
ਪਿੰਡ ਬੂਟਾਸਿੰਘ ਵਾਲਾ ਦਾ ਸਰਪੰਚ ਭੂਪਿੰਦਰ ਸਿੰਘ ਅੱਜ ਵੱਡੇ ਜਥੇ ਨਾਲ ਖਾਣ-ਪੀਣ ਦੀਆਂ ਵਸਤਾਂ ਲੈ ਕੇ ਦਿੱਲੀ ਗਿਆ ਹੈ। ਇਸੇ ਤਰ੍ਹਾਂ ਤਸੌਲੀ ਦੇ ਸਰਪੰਚ ਕੇਸਰ ਸਿੰਘ ਤੇ ਪੰਚ ਜਸਵੀਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਦਾ ਵੱਡਾ ਜਥਾ ਬੱਸ ਉੱਤੇ ਦਿੱਲੀ ਪੁੱਜਿਆ। ਪਿੰਡ ਮਨੌਲੀ ਤੋਂ ਸਰਪੰਚ ਜ਼ੋਰਾ ਸਿੰਘ ਬੈਦਵਾਣ ਦੀ ਅਗਵਾਈ ਹੇਠ, ਪਿੰਡ ਚਾਉਮਾਜਰਾ ਤੋਂ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ, ਪਿੰਡ ਰਾਏਪੁਰ ਕਲਾਂ ਤੋਂ ਸਰਪੰਚ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ, ਪਿੰਡ ਖਾਨਪੁਰ ਬੰਗਰ ਤੋਂ ਸਰਪੰਚ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੇ ਜਥੇ ਦਿੱਲੀ ਲਈ ਲਏ ਹੋਏ ਹਨ। ਸਮੁੱਚੇ ਪਿੰਡਾਂ ਵਿੱਚੋਂ ਦਿੱਲੀ ਜਾਣ ਲਈ ਰੋਜ਼ਾਨਾ ਕੋਈ ਨਾ ਕੋਈ ਵਾਹਨ ਰਵਾਨਾ ਹੋ ਰਿਹਾ ਹੈ। ਜਥੇ ਦੀ ਰਵਾਨਗੀ ਸਮੇਂ ਕੇਂਦਰ ਸਰਕਾਰ ਦੇ ਵਿਰੋਧ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਸਮਾਜ ਸੇਵੀ ਅਤੇ ਉੱਘੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਵਾਹਨਾਂ ਵਿੱਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨਾਂ ਨੂੰ ਕਿਸਾਨੀ ਝੰਡੇ ਦਿੱਤੇ ਜਾ ਰਹੇ ਹਨ। ਅੱਜ ਨੇੜਲੇ ਸੋਲਖੀਆਂ ਟੌਲ ਪਲਾਜ਼ਾ ’ਤੇ ਨਰਿੰਦਰ ਸਿੰਘ ਕੰਗ ਵੱਲੋਂ ਕਿਸਾਨਾਂ ਨੂੰ ਕਿਸਾਨੀ ਝੰਡੇ ਦਿੱਤੇ ਗਏ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਇਹ ਝੰਡੇ ਉਦੋਂ ਤੱਕ ਦਿੱਤੇ ਜਾਂਦੇ ਰਹਿਣਗੇ ਜਦੋਂ ਤੱਕ ਕਿਸਾਨੀ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਤੁਰੰਤ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸੇ ਦੌਰਾਨ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਰੂਪਨਗਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਅਵਤਾਰ ਸਿੰਘ ਲੌਦੀਮਾਜਰਾ ਦੀ ਪ੍ਰਧਾਨਗੀ ਹੇਠ ਗਾਂਧੀ ਸਕੂਲ ਵਿਚ ਹੋਈ। ਮੀਟਿੰਗ ਬਾਰੇ ਬੀਐੱਸ ਸੈਣੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ ਅਤੇ ਫੈ਼ਸਲਾ ਕੀਤਾ ਗਿਆ ਕਿ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦਾ ਸਮਰਥਨ ਜਾਰੀ ਰਹੇਗਾ ਅਤੇ 14 ਦਸੰਬਰ ਨੂੰ ਦੇਸ਼ ਵਿਆਪੀ ਅੰਦੋਲਨ ਵਿਚ ਜ਼ਿਲਾ ਸਦਰ ਮੁਕਾਮ ‘ਤੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 17 ਦਸੰਬਰ ਨੂੰ ਭਸੀਨ ਭਵਨ ਵਿਖੇ ਸਵੇਰੇ 10 ਵਜੇ ਪੈਨਸ਼ਨ ਦਿਵਸ ਮਨਾਇਆ ਜਾਵੇਗਾ ਜਿਸ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਅਤੇ ਤਿਆਰੀ ਲਈ ਵੱਖ-ਵੱਖ ਆਗੂਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ ।
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਪੰਜਾਬੀ ਮੰਚ ਵੀ 14 ਦਸੰਬਰ ਨੂੰ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਲਈ ਸੈਕਟਰ-17 ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਮੰਚ ਦੇ ਪ੍ਰਧਾਨ ਸੁਖਜੀਤ ਸਿਘ ਸੁੱਖਾ ਅਤੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਵੱਲੋਂ ਦਿੱਤੀ ਗਈ। ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ 14 ਦਸੰਬਰ ਨੂੰ ਸੈਕਟਰ 17 ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਧਰਨਾ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਮੰਚ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਧਰਨੇ ਵਿੱਚ ਸ਼ਾਮਿਲ ਹੋ ਕੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਮਰਥਨ ਦਿੱਤਾ ਜਾਵੇ ਤਾਂ ਜੋ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ।
ਅਮਲੋਹ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਕਿਸਾਨੀ ਨੂੰ ਉਜਾੜਨ ਲਈ ਬਣਾਏ ਹਨ, ਜਿਸ ਦਾ ਕਿਸਾਨੀ ਨੂੰ ਲਾਭ ਨਹੀਂ ਹੋਵੇਗਾ ਅਤੇ ਇਸ ਦਾ ਫ਼ਾਇਦਾ ਮੋਦੀ ਸਰਕਾਰ ਆਪਣੇ ਨਜ਼ਦੀਕੀ ਵੱਡੇ ਘਰਾਣੇ ਦੇ ਲੋਕਾਂ ਨੂੰ ਪਹੁੰਚਾਉਣਗੇ। ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸਰਕਲ ਅਮਲੋਹ ਦੇ ਪ੍ਰਧਾਨ ਹਰਬੰਸ ਸਿੰਘ ਬਡਾਲੀ, ਅਕਾਲੀ ਆਗੂ ਕਾਲਾ ਅਰੋੜਾ ਅਤੇ ਗੁਰਸੇਵਕ ਸਿੰਘ ਕੋਟਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂਂ ਕਿਹਾ ਕਿ ਕਿਸਾਨੀ ਸੰਘਰਸ਼ ਦਾ ਕਾਫ਼ਲਾ ਹਰ ਰੋਜ਼ ਵੱਡਾ ਹੁੰਦਾ ਜਾ ਰਿਹਾ ਜਿਹੜਾ ਕਿ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ। ਉਨ੍ਹਾਂਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦਾ ਸਾਥ ਦਿੰਦੇ ਰਹਿਣ ਤਾਂ ਕਿ ਕੇਂਦਰ ਸਰਕਾਰ ਨੂੰ ਝੁਕਾਇਆ ਜਾ ਸਕੇ।
ਐਸਏਐਸ ਨਗਰ (ਕਰਮਜੀਤ ਸਿੰਘ ਚਿੱਲਾ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 14 ਦਸੰਬਰ ਨੂੰ ਸਮੁੱਚੇ ਦੇਸ਼ ਵਿੱਚ ਜ਼ਿਲ੍ਹਾ ਪੱਧਰੀ ਧਰਨਿਆਂ ਦੇ ਸੱਦੇ ਨੂੰ ਇਪਟਾ ਪੰਜਾਬ ਨੇ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਇਪਟਾ ਦੇ ਸੂਬਾ ਪ੍ਰਧਾਨ ਸੰਜਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਦੇ ਕਾਰਕੁਨ ਅਤੇ ਰੰਗਕਰਮੀ ਇਨ੍ਹਾਂ ਧਰਨਿਆਂ ਵਿੱਚ ਲੋਕ ਪੱਖੀ ਗਾਇਕੀ ਅਤੇ ਨੁੱਕੜ ਨਾਟਕਾਂ ਰਾਹੀਂ ਵੀ ਲਾਮਬੰਦੀ ਕਰਨਗੇ। ਉਨ੍ਹਾਂ ਦੱਸਿਆ ਕਿ ਸਮੁਚੇ ਪੰਜਾਬ ਲਈ ਇਸ ਸਬੰਧੀ ਜ਼ਿਲ੍ਹਾਵਾਰ ਇਪਟਾ ਕਾਰਕੁਨਾਂ ਅਤੇ ਰੰਗਕਰਮੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਵੱਖ-ਵੱਖ ਸੰਸਥਾਵਾਂ ਨੇ ਧਰਨੇ ’ਤੇ ਬੈਠੇ ਕਿਸਾਨਾਂ ਲਈ ਦਵਾਈਆਂ ਭੇਜੀਆਂ
ਕੁਰਾਲੀ (ਮਿਹਰ ਸਿੰਘ): ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਵੈੱਲਫੇਅਰ ਸੁਸਾਇਟੀ ਵੱਲੋਂ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸਿਹਤ ਸਹੂਲਤ ਨੂੰ ਦੇਖਦਿਆਂ ਜ਼ਰੂਰੀ ਦਵਾਈਆਂ ਭੇਜੀਆਂ ਗਈਆਂ ਹਨ। ਇਸੇ ਦੌਰਾਨ ਸੁਸਾਇਟੀ ਦੇ ਆਗੂਆਂ ਵੱਲੋਂ ਦੇਸ਼ ਦੇ ਅੰਨਦਾਤਾ ਦੀ ਇਸ ਸਮੇਂ ਹਰ ਪ੍ਰਕਾਰ ਦੀ ਸਹਾਇਤਾ ਕਰਨ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਸੁਸਾਇਟੀ ਵੱਲੋਂ ਗਰਮ ਪੱਟੀਆਂ, ਖੰਘ ਦੀਆਂ ਪੀਣ ਵਾਲੀਆਂ ਦਵਾਈਆਂ, ਦਰਦਾਂ ਤੇ ਬੁਖਾਰ ਆਦਿ ਲਈ ਦਵਾਈਆਂ ਦੀਆਂ ਪੇਟੀਆਂ ਭੇਜੀਆਂ ਜਾ ਰਹੀਆਂ ਹਨ।
ਚੰਡੀਗੜ੍ਹ (ਕੁਲਦੀਪ ਸਿੰਘ): ਦੇਸ਼ ਵਿਆਪੀ ਕਿਸਾਨ ਅੰਦੋਲਨ ਵਿੱਚ ਜਿੱਥੇ ਆਮ ਲੋਕਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲੰਗਰ ਅਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਲਗਾਤਾਰ ਮਨੁੱਖਤਾ ਦੀ ਸੇਵਾ ਲਈ ਕੰਮ ਕਰਦੀ ਆ ਰਹੀ ਗੁਰਦੁਆਰਾ ਕਲਗੀਧਰ ਖੇੜੀ ਸੈਕਟਰ 20-ਸੀ ਚੰਡੀਗੜ੍ਹ ਦੀ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਸਿੰਘ ਕਲੇਰ, ਕਮਲਜੀਤ ਸਿੰਘ ਲੌਂਗੀਆ ਯੂ.ਐਸ.ਏ. ਵਾਲੇ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਿੰਘੂ ਬਾਰਡਰ ਦਿੱਲੀ ਜਾ ਕੇ ਦਵਾਈਆਂ ਦੀ ਮੁਫ਼ਤ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।
ਕਿਸਾਨਾਂ ਲਈ ਬਾਇਓ ਟੁਆਇਲਟਸ ਤੇ ਗਰਮ ਪਾਣੀ ਦੇ ਪ੍ਰਬੰਧ ਦੀ ਅਪੀਲ
ਘਨੌਲੀ (ਜਗਮੋਹਨ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਬਾਇਓ ਟੁਆਇਲਟਸ ਅਤੇ ਗਰਮ ਪਾਣੀ ਦਾ ਪ੍ਰਬੰਧ ਕਰਨ ਲਈ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ। ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਪਰਦਾਵਾਂ, ਸੰਸਥਾਵਾਂ ਤੇ ਸੰਗਤਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ, ਪਰ ਦੇਖਣ ਵਿੱਚ ਆਇਆ ਹੈ ਕਿ ਦਿੱਲੀ ਵਿਚ ਪਾਖਾਨਿਆਂ ਤੇ ਇਸ਼ਨਾਨ ਕਰਨ ਲਈ ਗਰਮ ਪਾਣੀ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਧਰਨੇ ’ਤੇ ਬੈਠੇ ਕਿਸਾਨਾਂ ਲਈ ਬਾਇਓ ਟੁਆਇਲਟਸ ਅਤੇ ਗਰਮ ਪਾਣੀ ਕਰਨ ਲਈ ਆਰਜ਼ੀ ਪ੍ਰਬੰਧ ਕਰਨ ਦਾ ਜ਼ਰੂਰ ਯਤਨ ਕੀਤਾ ਜਾਵੇ।
ਜ਼ਿਲ੍ਹਾ ਪੱਧਰੀ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਮੁੱਚੀਆਂ ਕਿਸਾਨ ਯੂਨੀਅਨਾਂ ਦੇ ਸਥਾਨਕ ਆਗੂਆਂ ਨੇ ਬਲਾਕ ਖਮਾਣੋਂ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੂੰ 14 ਦਸੰਬਰ ਦੇ ਜ਼ਿਲ੍ਹਾ ਪੱਧਰੀ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਗਿਆ। ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕਰਨ ਮਗਰੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਇਹ ਧਰਨਾ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਜਾਰੀ ਰਹੇਗਾ।