ਪੱਤਰ ਪ੍ਰੇਰਕ
ਖਰੜ, 9 ਅਗਸਤ
ਖਰੜ ਸਿਟੀ ਪੁਲੀਸ ਨੇ ਪ੍ਰਦੀਪ ਸਿੰਘ ਨਾਂ ਦੇ ਵਿਅਕਤੀ ਵਾਸੀ ਪਿੰਡ ਪੱਸੀ ਕੰਡੀ ਥਾਣਾ ਦਸੂਹਾ ਤੋਂ ਕਿਰਚ ਦੀ ਨੋਕ ’ਤੇ ਖੋਹੀ ਕਾਰ 9 ਘੰਟਿਆਂ ’ਚ ਬਰਾਮਦ ਕਰ ਲਈ ਹੈ। ਇਸ ਸਬੰਧ ਵਿੱਚ ਪੁਲੀਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਖਰੜ ਵਿੱਚ ਜ਼ਿਲ੍ਹਾ ਮੁਹਾਲੀ ਦੇ ਕਪਤਾਨ ਪੁਲੀਸ ਦਿਹਾਤੀ ਨਵਰੀਤ ਸਿੰਘ ਵਿਰਕ ਅਤੇ ਖਰੜ ਦੀ ਡੀਐੱਸਪੀ ਰਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਪ੍ਰਦੀਪ ਸਿੰਘ ਨੇ ਪੁਲੀਸ ਲਾਈਨ 112 ’ਤੇ ਸ਼ਿਕਾਇਤ ਕੀਤੀ ਸੀ ਕਿ 3 ਵਿਅਕਤੀਆਂ ਨੇ ਟੈਸਟ ਡਰਾਈਵ ਕਰਨ ਦੇ ਬਹਾਨੇ ਇੱਕ ਗੱਡੀ (ਐਚਆਰ 05-ਏ ਏ -3105) ਹੌਂਡਾ ਕਿਰਚ ਦੀ ਨੋਕ ’ਤੇ ਉਸ ਤੋਂ ਖੋਹ ਲਈ ਹੈ। ਇਸ ਉਪਰੰਤ ਪੁਲੀਸ ਨੇ ਦਰਜ ਕਰ ਲਿਆ ਅਤੇ ਖਰੜ ਸਿਟੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਜਾਂਚ ਕੀਤੀ ਅਤੇ 9 ਘੰਟਿਆਂ ਵਿੱਚ ਹੀ ਮੁਲਜ਼ਮ ਅਭਿਸ਼ੇਕ ਕੁਮਾਰ ਨੂੰ ਖੋਹੀ ਗਈ ਗੱਡੀ ਅਤੇ ਕਿਰਚ ਸਮੇਤ ਕਾਬੂ ਕਰ ਲਿਆ ਤੇ ਦੋ ਮੁਲਜ਼ਮਾਂ ਅਭੀ ਜੋਰੀ ਵਾਸੀ ਬੁੜੈਲ ਤੇ ਸਲਮਾਨ ਵਾਸੀ ਬੁੜੈਲ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵੱਲੋਂ 3 ਦਿਨਾਂ ਦੇ ਪੁਲੀਸ ਰਿਮਾਂਡ ’ਚ ਭੇਜ ਦਿੱਤਾ ਗਿਆ ਹੈ।