ਪੱਤਰ ਪ੍ਰੇਰਕ
ਬਨੂੜ, 16 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬਨੂੜ ਬੈਰੀਅਰ ਅਤੇ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਪੁਤਲੇ ਫੂਕੇ ਗਏ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਬਨੂੜ ਬੈਰੀਅਰ ਉੱਤੇ ਪੁਆਧੀ ਗਾਇਕ ਰੋਮੀ ਘੜਾਮਾ ਨੇ ਕਿਸਾਨੀ ਅਤੇ ਇਨਕਲਾਬੀ ਗਾਇਕੀ ਰਾਹੀਂ ਰੰਗ ਬੰਨ੍ਹਿਆ। ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੇ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ, ਸਤਨਾਮ ਸਿੰਘ ਸੱਤਾ ਖਲੌਰ, ਵਾਹਿਗੁਰੂ ਸਿੰਘ ਜਲਾਲਪੁਰ, ਗੁਰਪ੍ਰੀਤ ਸਿੰਘ ਸੇਖਨਮਾਜਰਾ ਦੀ ਅਗਵਾਈ ਹੇਠ ਪੁਤਲੇ ਸਾੜੇ ਗਏ। ਬਨੂੜ ਬੈਰੀਅਰ ਉੱਤੇ ਗੁਰਦਰਸ਼ਨ ਸਿੰਘ ਖਾਸਪੁਰ, ਪ੍ਰੇਮ ਸਿੰਘ ਘੜਾਮਾਂ, ਸੱਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਨਰਦੇਵ ਸਿੰਘ ਨੰਡਿਆਲੀ, ਮਨਜੀਤ ਸਿੰਘ ਥੂਹਾ, ਗੁਰਜੰਟ ਸਿੰਘ ਬੜ੍ਹੀ ਦੀ ਅਗਵਾਈ ਹੇਠ ਪੁਤਲੇ ਸਾੜੇ ਗਏ। ਤਾਰਾ ਸਿੰਘ ਮੁਠਿਆੜਾਂ ਤੇ ਮੋਹਨ ਸਿੰਘ ਸੋਢੀ ਨੇ ਕਿਸਾਨ ਸੰਘਰਸ਼ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਦੇ ਵੱਖ-ਵੱਖ ਚੌਕਾ ’ਚ ਰੋਜ਼ਾਨਾ ਦੀ ਤਰ੍ਹਾਂ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨ ਹਮਾਇਤੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਆਗੂਆਂ ਅਤੇ ਕਾਰਪੋਰੇਟਾਂ ਦੇ ਪੁਤਲੇ ਸਾੜੇ। ਚੰਡੀਗੜ੍ਹ ਦੀਆਂ ਵੱਖ-ਵੱਖ ਕਿਸਾਨ ਅਤੇ ਨੌਜਵਾਨ ਜਥੇਬੰਦੀਆਂ ਨੇ ਮਟਕਾ ਚੌਕ, ਸੈਕਟਰ 45/46 ਵਾਲੇ ਚੌਕ ਸਣੇ ਪਿੰਡਾਂ ’ਚ ਪੁਤਲੇ ਸਾੜੇ ਗਏ। ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਦੇ ਆਗੂ ਕਿਰਪਾਲ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚਦੀ ਆ ਰਹੀ ਹੈ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੁੰਭੜਾ ਦੇ ਵਸਨੀਕਾਂ ਵੱਲੋਂ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੈਕਟਰ 69 ਸਥਿਤ ਗਰੇਸ਼ੀਅਨ ਹਸਪਤਾਲ ਦੇ ਸਾਹਮਣੇ ਟੀ-ਪੁਆਇੰਟ ’ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਘੇ ਕਾਰਪੋਰੇਟ ਘਰਾਣੇ ਅਡਾਨੀ-ਅੰਬਾਨੀ ਦੇ ਪੁਤਲੇ ਸਾੜੇ ਗਏ। ਇਸ ਮੌਕੇ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸ੍ਰੀਮਤੀ ਰਾਜ ਕੌਰ ਗਿੱਲ, ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਜਸਮੇਰ ਸਿੰਘ, ਲਾਭ ਸਿੰਘ, ਨੰਬਰਦਾਰ ਕਾਕਾ ਸਿੰਘ, ਜਸਵੀਰ ਸਿੰਘ, ਸੋਹਣ ਸਿੰਘ, ਸੁਲੱਖਣ ਸਿੰਘ, ਕਾਲਾ ਮਨਜੀਤ ਸਿੰਘ, ਅਮਰ ਸਿੰਘ ਅਤੇ ਮਨਦੀਪ ਸਿੰਘ ਵੀ ਮੌਜੂਦ ਸਨ।
ਇਸੇ ਤਰ੍ਹਾਂ ਪਿੰਡ ਸੋਹਾਣਾ ਟੀ-ਪੁਆਇੰਟ ’ਤੇ ਪੁਆਧੀ ਕਿਸਾਨ ਮਜ਼ਦੂਰ ਸਭਾ ਦੇ ਕਾਰਕੁਨਾਂ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਡਾਨੀ-ਅੰਬਾਨੀ ਦੇ ਪੁਤਲੇ ਸਾੜੇ ਗਏ।