ਹਰਜੀਤ ਸਿੰਘ
ਡੇਰਾਬੱਸੀ, 16 ਅਕਤੂਬਰ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦ ਜ਼ੇਰੇ ਇਲਾਜ ਇੱਕ ਵਿਆਹੁਤਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਨੇ ਡਾਕਟਰਾਂ ’ਤੇ ਅਪਰੇਸ਼ਨ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਜ਼ੋਰਦਾਰ ਹੰਗਾਮਾ ਕੀਤਾ। ਮ੍ਰਿਤਕਾਂ ਦੀ ਪਛਾਣ ਮਨਦੀਪ ਕੌਰ (36) ਪਤਨੀ ਹਰਜੀਤ ਸਿੰਘ ਵਾਸੀ ਪਿੰਡ ਬਦੇਸ਼ਾ ਕਲਾਂ ਖਮਾਣੋਂ ਵਜੋਂ ਹੋਈ ਹੈ।
ਮ੍ਰਿਤਕਾ ਦੀ ਮਾਤਾ ਸੁਰਿੰਦਰ ਕੌਰ, ਪਤੀ ਹਰਜੀਤ ਸਿੰਘ, ਨਣਾਨ ਜਸਵੰਤ ਕੌਰ ਸਣੇ ਵੱਡੀ ਗਿਣਤੀ ਵਿੱਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨਦੀਪ ਕੌਰ ਦੇ ਪਿੱਤੇ ਵਿੱਚ ਪੱਥਰੀ ਸੀ। ਉਹ ਜਾਂਚ ਲਈ ਮੁਹਾਲੀ ਦੇ 3ਬੀ2 ਵਿੱਚ ਸਥਿਤ ਨਿੱਜੀ ਹਸਪਤਾਲ ਵਿੱਚੋਂ ਦਾਖ਼ਲ ਸੀ। ਡਾਕਟਰਾਂ ਨੇ ਅਪਰੇਸ਼ਨ ਲਈ ਉਸ ਨੂੰ ਡੇਰਾਬੱਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇੱਥੇ ਡਾਕਟਰਾਂ ਵੱਲੋਂ ਅਪਰੇਸ਼ਨ ਕਰ ਕੇ ਸਟੰਟ ਪਾਉਣ ਦੀ ਸਹਿਮਤੀ ਮੰਗੀ ਗਈ। ਉਹ ਭਰੋਸਾ ਦਿੰਦੇ ਰਹੇ ਕਿ ਅਪਰੇਸ਼ਨ ਠੀਕ ਹੋ ਗਿਆ ਹੈ। ਬਾਅਦ ਵਿੱਚ ਡਾਕਟਰ ਕਹਿੰਦੇ ਉਸ ਦੀ ਮੌਤ ਹੋ ਗਈ। ਉਧਰ ਯੂਨਿਟ ਹੈੱਡ ਡਾ. ਵੰਦਨਾ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਥੇ ਪਹੁੰਚਣ ਤੋਂ ਪਹਿਲਾਂ ਹੀ ਬਿਮਾਰੀ ਕਾਰਨ ਮਰੀਜ਼ ਦੇ ਸਾਰੇ ਅੰਗ ਫੇਲ੍ਹ ਹੋ ਗਏ ਸਨ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਇਸ ਸਬੰਧੀ ਪਰਿਵਾਰ ਨੂੰ ਜਾਣੂ ਕਰਵਾ ਦਿੱਤਾ ਸੀ। ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਮਾਮਲੇ ਜਾਂਚ ਕੀਤੀ ਜਾ ਰਹੀ ਹੈ।