ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ)/ਕੁਰਾਲੀ, 16 ਅਕਤੂਬਰ
ਜ਼ਿਲ੍ਹਾ ਪੁਲੀਸ ਮੁਹਾਲੀ ਨੇ ਅਗਸਤ ਵਿੱਚ ਹੋਏ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਇੱਥੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਖਤਾਨਾਂ ’ਚੋਂ ਪੁਲੀਸ ਨੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਸੀ। ਥਾਣਾ ਸਦਰ ਕੁਰਾਲੀ ਵਿੱਚ ਕੇਸ ਦਰਜ ਕਰ ਕੇ ਮੁੱਲਾਂਪੁਰ ਗਰੀਬਦਾਸ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਮਲਕੀਤ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਮੇਟੀ ਬਣਾਈ ਗਈ ਸੀ।
ਮੁੱਢਲੀ ਜਾਂਚ ਦੌਰਾਨ ਮ੍ਰਿਤਕਾ ਦੀ ਪਛਾਣ ਸੰਜਨਾ ਦੇਵੀ ਪਤਨੀ ਸੁਬੋਧ ਸ਼ਰਮਾ ਵਾਸੀ ਬਿਹਾਰ ਵਜੋਂ ਹੋਈ ਸੀ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਸੰਜਨਾ ਦੇਵੀ ਫਰਵਰੀ ਤੋਂ ਲਾਪਤਾ ਸੀ। ਛਾਣਬੀਣ ਕਰਨ ’ਤੇ ਪਤਾ ਲੱਗਾ ਕਿ ਸੰਜਨਾ ਦੇਵੀ ਦੇ ਲਾਪਤਾ ਹੋਣ ਤੋਂ ਪਹਿਲਾਂ ਉਹ ਪੰਕਜ ਸ਼ਰਮਾ ਵਾਸੀ ਬਿਹਾਰ ਦੇ ਸੰਪਰਕ ਵਿੱਚ ਸੀ। ਐੱਸਐੱਸਪੀ ਨੇ ਦੱਸਿਆ ਕਿ ਨਿਤੀਸ਼ ਕੁਮਾਰ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਭਰਾ ਪੰਕਜ ਸ਼ਰਮਾ ਨਾਲ ਮਿਲ ਕੇ ਸੰਜਨਾ ਦੇਵੀ ਨੂੰ ਫਰਵਰੀ ਵਿੱਚ ਵਰਗਲਾ ਕੇ ਬੱਚਿਆਂ ਸਮੇਤ ਪੰਜਾਬ ਲੈ ਆਏ ਸਨ ਤੇ ਹੁਣ ਇਸ ਔਰਤ ਤੇ ਬੱਚਿਆਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ।