ਮੁਕੇਸ਼ ਕੁਮਾਰ
ਚੰਡੀਗੜ੍ਹ, 26 ਜੁਲਾਈ
ਮੁੱਖ ਅੰਸ਼
- ਪਿੰਡ ਦੜੂਆ ਵਿੱਚ ਜ਼ਮੀਨਦੋਜ਼ ਸਟੋਰੇਜ ਟੈਂਕ ਲਈ 48 ਲੱਖ ਦੇ ਖਰਚੇ ਨੂੰ ਹਰੀ ਝੰਡੀ
- ਮੇਅਰ ਦੀ ਪ੍ਰਧਾਨਗੀ ਹੇਠ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਕਰਮਚਾਰੀਆਂ ਲਈ ਵਰਦੀ ’ਤੇ ਲਗਾਉਣ ਲਈ ਕੈਮਰੇ ਅਤੇ ਸੁਰੱਖਿਆ ਜੈਕਟਾਂ ਨੂੰ ਹਰੀ ਝੰਡੀ ਦਿੱਤੀ ਗਈ। ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਚਰਚਾ ਤੋਂ ਬਾਅਦ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਜੁੜੇ ਲਗਪਗ ਛੇ ਕਰੋੜ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਵੀ ਪ੍ਰਵਾਨਗੀ ਦਿੱਤੀ। ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਪਿੰਡ ਦੜੂਆ ਵਿੱਚ ਇੱਕ ਲੱਖ ਗੈਲਨ ਲੀਟਰ ਪਾਣੀ ਦੀ ਸਮਰਥਾ ਵਾਲੇ ਜ਼ਮੀਨਦੋਜ਼ ਸਟੋਰੇਜ ਟੈਂਕ ਬਣਾਉਣ ਲਈ 48 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਮਨਜ਼ੂਰੀ ਦਿੱਤੀ।
ਇਸੇ ਤਰ੍ਹਾਂ ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਸੈਕਟਰ 46-ਬੀ ਦੀ ਮਾਰਕੀਟ ਨਾਲ ਸਬੰਧਤ ਵਿਕਾਸ ਕਾਰਜਾਂ ਲਈ 28 ਲੱਖ ਰੁਪਏ, ਸੈਕਟਰ 16-ਡੀ ਮਾਰਕੀਟ ਵਿੱਚ ਜਨਤਕ ਪਖਾਨਿਆਂ ਦੀ ਮੁਰੰਮਤ ਲਈ 41 ਲੱਖ ਰੁਪਏ, ਸੈਕਟਰ-32 ਦੀ ਮਾਰਕੀਟ ਦੇ ਫਰਸ਼ਾਂ ਦੀ ਮੁਰੰਮਤ ਲਈ 49 ਲੱਖ ਰੁਪਏ ਸਮੇਤ ਸ਼ਹਿਰ ਦੇ ਪਾਰਕਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੇ ਅਨੁਮਾਨਤ ਖਰਚਿਆਂ ਨੂੰ ਹਰੀ ਝੰਡੀ ਦਿੱਤੀ ਗਈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਬਿਮਾਰ ਹੋਣ ਕਾਰਨ ਮੀਟਿੰਗ ਵਿੱਚ ਆਨਲਾਈਨ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਗੁਰਬਖਸ਼ ਰਾਵਤ (ਆਨਲਾਈਨ ਰਾਹੀਂ), ਤਰੁਣਾ ਮਹਿਤਾ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਸਫਾਈ ਕਰਮੀ ਵੱਲੋਂ ਖ਼ੁਦਕੁਸ਼ੀ ਕਾਰਨ ਲਾਇਨਜ਼ ਕੰਪਨੀ ਨੂੰ ਨੋਟਿਸ
ਤਨਖਾਹਾਂ ਨਾ ਮਿਲਣ ਕਾਰਨ ਨਿੱਜੀ ਕੰਪਨੀ ਦੇ ਸਫ਼ਾਈ ਕਰਮਚਾਰੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਨੂੰ ਲੈਕੇ ਨਗਰ ਨਿਗਮ ਨੇ ਸ਼ਹਿਰ ਵਿੱਚ ਸਫ਼ਾਈ ਸੇਵਾਵਾਂ ਦਾ ਸੰਚਾਲਨ ਕਰਨ ਵਾਲੀ ਲਾਇਨਜ਼ ਕੰਪਨੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਸਫ਼ਾਈ ਕਰਮਚਾਰੀ ਰਾਜੇਸ਼ ਟਾਂਕ ਨੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਸੋਮਵਾਰ ਨੂੰ ਮਲੋਆ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਆਪਣੇ ਸਾਥੀ ਕਰਮਚਾਰੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਨਾਰਾਜ਼ ਹੋਏ ਸਫਾਈ ਕਰਮਚਾਰੀਆਂ ਨੇ ਅੱਜ ਹੜਤਾਲ ਕੀਤੀ ਅਤੇ ਸੈਕਟਰ-25 ’ਚ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਹਰ ਮਹੀਨੇ ਲਗਪਗ ਚਾਰ ਕਰੋੜ ਰੁਪਏ ਦੱਖਣੀ ਸੈਕਟਰਾਂ ਦੀ ਸਫ਼ਾਈ ਲਈ ਲਾਇਨਜ਼ ਕੰਪਨੀ ਨੂੰ ਦਿੱਤੇ ਜਾਂਦੇ ਹਨ। ਕੰਪਨੀ ਵਲੋਂ ਸਫਾਈ ਕਰਮਚਾਰੀਆਂ ਨੂੰ ਦੇਰ ਨਾਲ ਤਨਖਾਹ ਦੇਣ ਦੀਆਂ ਸ਼ਿਕਾਇਤਾਂ ਅਤੇ ਲੰਘੇ ਦਿਨ ਸਫ਼ਾਈ ਕਰਮਚਾਰੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕੰਪਨੀ ਨੂੰ ਜਾਰੀ ਕੀਤੇ ਨੋਟਿਸ ’ਚ ਕਿਹਾ ਗਿਆ ਹੈ ਕਿ ਟੈਂਡਰ ਅਨੁਸਾਰ ਕੰਪਨੀ ਵੱਲੋਂ ਕਰਮਚਾਰੀਆਂ ਦੀ ਤਨਖਾਹ ਹਰ ਮਹੀਨੇ ਦੀ 7 ਤਰੀਕ ਤੱਕ ਦਿੱਤੀ ਜਾਣੀ ਚਾਹੀਦੀ ਹੈ ਪਰ ਕੰਪਨੀ ਨੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਕਿਉਂ ਨਹੀਂ ਦਿੱਤੀ। ਕੰਪਨੀ ਵੱਲੋਂ ਟੈਂਡਰ ਦੀਆਂ ਸ਼ਰਤਾਂ ਅਨੁਸਾਰ 10 ਤਰੀਕ ਤੱਕ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ। ਨਗਰ ਨਿਗਮ ਨੇ ਨੋਟਿਸ ਦਾ ਜਵਾਬ ਦੇਣ ਲਈ ਕੰਪਨੀ ਅਧਿਕਾਰੀਆਂ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਲਾਇਨਜ਼ ਕੰਪਨੀ ਦਾ ਪੱਖ: ਲਾਇਨਜ਼ ਕੰਪਨੀ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀਆਂ ਮਈ ਮਹੀਨੇ ਦੀਆਂ ਤਨਖਾਹਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਜੂਨ ਦੀ ਅਦਾਇਗੀ ਵਿੱਚ ਦੇਰੀ ਹੋਈ ਹੈ, ਪਰ ਬਕਾਇਆ ਮੰਗਲਵਾਰ ਨੂੰ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਵਾਰ ਤਨਖ਼ਾਹ ਵਿੱਚ ਦੇਰੀ ਦਾ ਕਾਰਨ ਨਗਰ ਨਿਗਮ ਵੱਲੋਂ ਕੰਪਨੀ ਨੂੰ 25 ਕਰੋੜ ਰੁਪਏ ਦੀ ਅਦਾਇਗੀ ਨਾ ਹੋਣਾ ਦੱਸਿਆ ਗਿਆ ਹੈ। ਕਰਮਚਾਰੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਕੰਪਨੀ ਨੇ ਤੁਰੰਤ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਮ੍ਰਿਤਕ ਦੀ ਪਤਨੀ ਨੂੰ ਤੁਰੰਤ ਨਿਯੁਕਤੀ ਦੇਣ ਅਤੇ ਇਕ ਸਾਲ ਤੱਕ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ।