ਮੁਕੇਸ਼ ਕੁਮਾਰ
ਚੰਡੀਗੜ੍ਹ, 23 ਜੁਲਾਈ
ਅੱਜ ਇਥੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਸੂਬੇ ਦੇ ਨਵੇਂ ਥਾਪੇ ਗਏ ਪ੍ਰਧਾਨ ਦੀ ਤਾਜਪੋਸ਼ੀ ਲਈ ਕੀਤੇ ਗਏ ਸਮਾਗਮ ਨੂੰ ਲੈ ਕੇ ਆਸਪਾਸ ਦੇ ਨਿਵਾਸੀਆਂ ਤੇ ਹੋਰ ਰਾਹਗੀਰਾਂ ਨੂੰ ਖਾਸਾ ਖੱਜਲ ਖੁਆਰ ਹੋਣਾ ਪਿਆ। ਸਮਾਗਮ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਵੀਆਈਪੀ ਤਬਕੇ ਸਮੇਤ ਕਾਂਗਰਸ ਪਾਰਟੀ ਸਮਰਥਕਾਂ ਤੇ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚਾਹਵਾਨ ਪੁੱਜੇ ਸਨ। ਜਿਸ ਕਾਰਨ ਸੈਕਟਰ-15 ਦੀ ਮੁੱਖ ਸੜਕ ਸਮੇਤ ਆਸਪਾਸ ਦੀਆਂ ਹੋਰ ਸੜਕਾਂ ’ਤੇ ਵਾਹਨਾਂ ਦੇ ਜਾਮ ਲੱਗ ਗਏ ਤੇ ਤਾਜਪੋਸ਼ੀ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਕਈਂ ਘੰਟੇ ਤੱਕ ਵਾਹਨ ਚਾਲਕਾਂ ਨੂੰ ਕਾਫੀ ਖੱਜਲ ਹੋਣਾ ਪਿਆ। ਹਾਲਾਂਕਿ ਅੱਜ ਦੇ ਇਸ ਤਾਜਪੋਸ਼ੀ ਪ੍ਰੋਗਰਾਮ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਵੱਲੋਂ ਖਾਸ ਤੌਰ ’ਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਇਥੇ ਇਹ ਸਮੱਸਿਆ ਬਣੀ ਰਹੀ। ਇਥੇ ਚੰਡੀਗੜ੍ਹ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੂੰ ਲੈ ਕੇ ਪੰਜਾਬ ਤੇ ਆਸਪਾਸ ਦੇ ਹੋਰ ਇਲਾਕਿਆਂ ਤੋਂ ਲੋਕ ਕਾਰਾਂ, ਬੱਸਾਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਸਵੇਰੇ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਸਨ। ਪੁਲੀਸ ਵੱਲੋਂ ਸੈਕਟਰ-15 ਸਥਿਤ ਕਾਂਗਰਸ ਭਵਨ ਦੁਆਲੇ ਸਖਤ ਨਾਕਾਬੰਦੀ ਕੀਤੀ ਹੋਈ ਸੀ ਤੇ ਬਿਨਾਂ ਪ੍ਰਵਾਨਗੀ ਵਾਲੇ ਵਾਹਨਾਂ ਨੂੰ ਕਾਂਗਰਸ ਭਵਨ ਵੱਲ ਨਹੀਂ ਜਾਣ ਦਿੱਤਾ ਗਿਆ। ਅਜਿਹੇ ਵਿੱਚ ਵਾਹਨ ਚਾਲਕਾਂ ਨੇ ਆਪਣੇ ਵਾਹਨ ਕਾਂਗਰਸ ਭਵਨ ਦੇ ਨੇੜੇ ਜਿਥੇ ਵੀ ਖਾਲੀ ਥਾਂ ਮਿਲੀ ਪਾਰਕ ਕਰ ਦਿੱਤੇ। ਕਾਂਗਰਸ ਭਵਨ ਦੇ ਸਾਹਮਣੇ ਵਾਲੀ ਸੜਕ ’ਤੇ ਵੀ ਵੀਵੀਐਪੀ ਵਾਹਨਾਂ ਸਮੇਤ ਪੁਲੀਸ ਦੇ ਸੁਰੱਖਿਆ ਦਸਤੇ ਦੇ ਵਾਹਨ ਪਾਰਕ ਕੀਤੇ ਗਏ ਸਨ। ਦੂਜੇ ਪਾਸੇ ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਣ ਆਏ ਕਾਂਗਰਸ ਪਾਰਟੀ ਸਮਰਥਕਾਂ ਵੱਲੋਂ ਸੈਕਟਰ 15 ਸਮੇਤ ਨਾਲ ਲੱਗਦੇ ਸੈਕਟਰ-11 ਦੇ ਰਿਹਾਇਸ਼ੀ ਖੇਤਰਾਂ ਵਿੱਚ ਪਾਰਕ ਕੀਤੇ ਗਏ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਦੁਪਹਿਰ ਬਾਅਦ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਜਿਵੇਂ ਹੀ ਲੋਕ ਆਪੋ-ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਆਪਣੇ ਟਿਕਾਣਿਆਂ ਨੂੰ ਵਾਪਸ ਪਰਤਣ ਲੱਗੇ ਤਾਂ ਸੈਕਟਰ-15 ਦੇ ਆਸਪਾਸ ਦੇ ਪੂਰੇ ਇਲਾਕੇ ਵਿੱਚ ਵਾਹਨਾਂ ਦਾ ਜਾਮ ਲੱਗ ਗਿਆ। ਪੰਜਾਬ ਕਾਂਗਰਸ ਭਵਨ ਦੇ ਸਾਹਮਣੇ ਵਾਲੀ ਸੜਕ, ਜੋ ਪੀਜੀਆਈ ਨੂੰ ਜਾਂਦੀ ਹੈ ’ਤੇ ਵੀਆਈਪੀਜ ਦੀਆਂ ਕਾਰਾਂ ਦਾ ਕਾਫਲਾ ਤੇ ਪੁਲੀਸ ਦੀਆਂ ਜਿਪਸੀਆਂ ਸਾਇਰਨ ਵਜਾਉਂਦੀਆਂ ਹੋਈਆਂ ਭੱਜਦੀਆਂ ਨਜ਼ਰ ਆਈਆਂ। ਸੜਕ ਨੂੰ ਕੁਝ ਦੇਰ ਲਈ ਆਮ ਵਾਹਨਾਂ ਦੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਵਾਹਨਾਂ ਚਾਲਕ ਰਸਤੇ ਲਈ ਭਟਕਦੇ ਹੋਏ ਸੈਕਟਰ-15 ਦੀ ਮਾਰਕੀਟ ਸਮੇਤ ਸੈਕਟਰ-11 ਵੱਲ ਚਲੇ ਗਏ ਜਿਸ ਨਾਲ ਉਥੇ ਵੀ ਜਾਮ ਲੱਗਿਆ ਰਿਹਾ। ਤਾਜਪੋਸ਼ੀ ਸਮਾਗਮ ਨੂੰ ਲੈ ਕੇ ਅੱਜ ਦੁਪਹਿਰ 1 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਇਲਾਕੇ ਵਿੱਚ ਜਾਮ ਦੇ ਹਾਲਤ ਬਣੇ ਰਹੇ ਤੇ ਵਾਹਨਾਂ ਚਲਾਕਾਂ ਸਮੇਤ ਉਥੇ ਦੇ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਲੱਗੇ ਜਾਮ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਦਾ ਅਮਲਾ ਵਾਹਨਾਂ ਨੂੰ ਕੰਟਰੋਲ ਕਰਦਾ ਰਿਹਾ ਤੇ ਕਈਂ ਥਾਂ ’ਤੇ ਲੱਗੇ ਜਾਮ ਨੂੰ ਖੁੱਲ੍ਹਵਾਉਣ ਲਈ ਪੁਲੀਸ ਦੇ ਪਸੀਨੇ ਛੁੱਟ ਗਏ। ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਇਲਾਕੇ ਵਿੱਚ ਵਾਹਨਾਂ ਦੀ ਆਵਾਜਾਈ ਨਿਰਵਿਘਨ ਸ਼ੁਰੂ ਹੋਈ ਤੇ ਵਾਹਨ ਚਾਲਕਾਂ ਨੇ ਸੁਖ ਦਾ ਸਾਹ ਲਿਆ।