ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੁਲਾਈ
ਇੱਥੋਂ ਦੇ ਟ੍ਰਿਬਿਊਨ ਚੌਕ ਵਿੱਚ ਹਰਿਆਣਾ ਰੋਡਵੇਜ਼ ਬੱਸ ਦੇ ਕੰਡਕਟਰ ਨਾਲ ਰੋਡਵੇਜ਼ ਵਿੱਚ ਤਾਇਨਾਤ ਮੁਲਾਜ਼ਮ ਵੱਲੋਂ ਕੁੱਟਮਾਰ ਬਾਰੇ ਜਾਣਕਾਰੀ ਮਿਲਦੇ ਹੀ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੇ ਪਾਸੇ ਥਾਣਾ ਸੈਕਟਰ-31 ਦੀ ਪੁਲੀਸ ਨੇ ਬੱਸ ਕੰਡਕਟਰ ਦੀ ਸ਼ਿਕਾਇਤ ’ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਵਿੱਚ ਬਤੌਰ ਐਸਆਈ ਤਾਇਨਾਤ ਰਾਜਵੀਰ ਮੁਲਾਜ਼ਮ ਆਪਣੀ ਪਤਨੀ ਨਾਲ ਸੈਕਟਰ-17 ਬੱਸ ਅੱਡੇ ਤੋਂ ਬੱਸ ਵਿੱਚ ਬੈਠ ਕੇ ਜਾ ਰਹੇ ਸਨ। ਜਦੋਂ ਟ੍ਰਿਬਿਊਨ ਚੌਕ ਵਿੱਚ ਪਹੁੰਚ ਬੱਸ ਕੰਡਕਟਰ ਨੇ ਟਿਕਟ ਕੱਟਣ ਲੱਗਾ ਤਾਂ ਐੱਸਆਈ ਦੀ ਕੰਡਕਟਰ ਨਾਲ ਬਹਿਸ ਹੋ ਗਈ। ਇਸ ਦੌਰਾਨ ਐੱਸਆਈ ਨੇ ਕੰਡਕਟਰ ਨੂੰ ਬੱਸ ਤੋਂ ਹੇਠਾਂ ਉਤਾਰ ਕੇ ਕੁੱਟਮਾਰ ਕੀਤੀ। ਇਸ ਬਾਰੇ ਕੰਡਕਟਰ ਨੇ ਵਿਭਾਗ ਦੇ ਅਧਿਕਾਰੀ ਅਤੇ ਚੰਡੀਗੜ੍ਹ ਪੁਲੀਸ ਨੂੰ ਸ਼ਿਕਾਇਤ ਕੀਤੀ। ਹਰਿਆਣਾ ਰੋਡਵੇਜ਼ ਦੇ ਅਧਿਕਾਰੀ ਨੇ ਐੱਸਆਈ ਰਾਜਵੀਰ ਨੂੰ ਮੁਅੱਤਲ ਕਰ ਦਿੱਤਾ। ਥਾਣਾ ਸੈਕਟਰ-31 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਐੱਸਆਈ ਨੇ ਕੰਡਕਟਰ ਖ਼ਿਲਾਫ਼ ਬਦਤਮੀਜੀ ਦੀ ਸ਼ਿਕਾਇਤ ਕੀਤੀ। ਪੁਲੀਸ ਦੋਵਾਂ ਦੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ।