ਪੀ.ਪੀ. ਵਰਮਾ
ਪੰਚਕੂਲਾ, 29 ਮਈ
ਇਥੋਂ ਦੇ ਸੈਕਟਰ-7 ਵਿੱਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜ ਗਈਆਂ। ਇਨ੍ਹਾਂ ਵਿੱਚ ਬੇਕਰੀ ਦੀਆਂ ਦੋ ਦੁਕਾਨਾਂ ਵੀ ਸ਼ਾਮਲ ਹਨ। ਦੁਕਾਨਾਂ ਦੇ ਮਾਲਕ ਬੌਬੀ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਰਾਤ 2.10 ਵਜੇ ਵਾਪਰੀ। ਇਸ ਬਾਰੇ ਚੌਕੀਦਾਰ ਨੇ ਫੋਨ ਕਰ ਕੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਇਕ ਦੁਕਾਨ ਦੀ ਬੇਸਮੈਂਟ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਵੇਖਦੇ ਹੀ ਵੇਖਦੇ ਅੱਗ ਵੱਡੀਆਂ ਲਪਟਾਂ ਵਿੱਚ ਤਬਦੀਲ ਹੋ ਗਈ। ਫਾਇਰ ਬ੍ਰਿਗੇਡ ਅਤੇ ਇਲਾਕੇ ਦੀ ਪੁਲੀਸ ਨੇ ਆਪਸੀ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਮਾਰਕੀਟ ਦੀਆਂ ਹੋਰਨਾਂ ਦੁਕਾਨਾਂ ਨੂੰ ਸੜਨ ਤੋਂ ਬਚਾਅ ਲਿਆ। ਸਭ ਤੋਂ ਵੱਧ ਨੁਕਸਾਨ ਬੇਕਰੀ ਦੀਆਂ ਦੁਕਾਨਾਂ ਦਾ ਹੋਇਆ ਜਿਸ ਦੀ ਬੇਸਮੈਂਟ ਵੀ ਸੜ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਪੰਚਕੂਲਾ ਦੇ ਜ਼ਿਲ੍ਹਾ ਫਾਇਰ ਅਫ਼ਸਰ ਤਰਸੇਮ ਸਿੰਘ ਨੇ ਦੱਸਿਆ ਦੁਕਾਨਾਂ ਸੜਨ ਕਾਰਨ ਆਰਥਿਕ ਨੁਕਸਾਨ ਦਾ ਅਨੁਮਾਨ ਲਗਾਉਣਾ ਹਾਲੇ ਮੁਸ਼ਕਲ ਹੈ ਕਿਉਂਕਿ ਦੁਕਾਨਾਂ ਦਾ ਸਾਰਾ ਸਮਾਨ ਸੜ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।
ਮੋਰਿੰਡਾ ਵਿੱਚ ਸਕਰੈਪ ਦੀ ਦੁਕਾਨ ਸੜੀ
ਮੋਰਿੰਡਾ (ਸੰਜੀਵ ਤੇਜਪਾਲ): ਇਥੋਂ ਦੀ ਸਰਹਿੰਦ ਰੋਡ ’ਤੇ ਕਬਾੜੀਏ ਦੀ ਦੁਕਾਨ ਵਿੱਚ ਰੱਖੇ ਸਕਰੈਪ ਨੂੰ ਅੱਜ ਅੱਗ ਲੱਗ ਗਈ। ਇਸ ਕਾਰਨ ਨੇੜਲੇ ਘਰਾਂ ਵਿੱਚ ਵੀ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਵੇਰਵਿਆਂ ਅਨੁਸਾਰ ਇਹ ਅੱਗ ਮੋਰਿੰਡਾ-ਸਰਹਿੰਦ ਰੋਡ ’ਤੇ ਸਥਿਤ ਸਰਦਾਰ ਟਰੇਡਰਜ਼ ਦੀ ਦੁਕਾਨ ਵਿੱਚ ਰੱਖੇ ਸਕਰੈਪ ਨੂੰ ਲੱਗੀ। ਜ਼ਿਆਦਾਤਰ ਸਕਰੈਪ ਪਲਾਸਟਿਕ ਦੀ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਨੇੜਲੇ ਵਸਨੀਕਾਂ ਨੂੰ ਆਪਣੇ ਪਾਲਤੂ ਪਸ਼ੂ ਅੰਗ ਤੋਂ ਬਚਾਉਣ ਲਈ ਖੋਲ੍ਹਣੇ ਪਏ। ਫਾਇਰ ਬ੍ਰਿਗੇਡ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਧੇ ਘੰਟੇ ਵਿੱਚ ਅੱਗ ਤੇ ਕਾਬੂ ਪਾਇਆ।