ਚਰਨਜੀਤ ਚੰਨੀ
ਮੁੱਲਾਂਪੁਰ ਗਰੀਬਦਾਸ, 24 ਨਵੰਬਰ
ਜ਼ਿਲ੍ਹਾ ਐੱਸਏਐੱਸ ਨਗਰ ਮੁਹਾਲੀ ਦੇ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਅਮਨਦੀਪ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਬੇਸ਼ਕੀਮਤੀ ਜ਼ਮੀਨ ਦੇ ਇੱਕ ਟੁਕੜੇ ਵਿੱਚ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ। ਇਸ ਸਬੰਧੀ ਸ਼ਿਕਾਇਤ ਮਿਲਣ ਦੇ ਬਾਵਜੂਦ ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਖਰੜ ਨੇ ਵੀ ਐੱਸਐੱਚਓ ਅਮਨਦੀਪ ਸਿੰਘ ਨੂੰ ਉਸਾਰੀ ਸਬੰਧੀ ਪੱਤਰ ਲਿਖਿਆ ਸੀ, ਪਰ ਉਨ੍ਹਾਂ ਨੇ ਕਈ ਦਿਨ ਤੱਕ ਸ਼ਿਕਾਇਤ ਪੱਤਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਐੱਸਐੱਸਪੀ ਨੇ ਮੁਅੱਤਲ ਐੱਸਐੱਚਓ ਅਮਨਦੀਪ ਸਿੰਘ ਖਿਲਾਫ ਵਿਭਾਗੀ ਤੌਰ ਉਤੇ ਅਗਲੇਰੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ।