ਮਿਹਰ ਸਿੰਘ
ਕੁਰਾਲੀ, 3 ਜੁਲਾਈ
ਪਿੰਡ ਨਿਹੋਲਕਾ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਐੱਸਡੀਐੱਮ ਖਰੜ ਰਵਿੰਦਰ ਸਿੰਘ ਨੇ ਅਧਿਕਾਰੀਆਂ ਦੀ ਟੀਮ ਨਾਲ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੀਆਂ ਦੋਵੇਂ ਧਿਰਾਂ ਦਾ ਪੱਖ ਸੁਣਦਿਆਂ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।
ਐੱਸਡੀਐੱਮ ਰਵਿੰਦਰ ਸਿੰਘ ਨੂੰ ਮੌਕਾ ਦਿਖਾਉਂਦਿਆਂ ਉੱਪਰਲੀ ਪੱਤੀ ਦੇ ਵਸਨੀਕਾਂ ਪਰਮਜੀਤ ਸਿੰਘ ਤੇ ਲੱਛਮਣ ਸਿੰਘ ਨੇ ਦੱਸਿਆ ਕਿ ਪਿੰਡ ਦੇ ਦਹਾਕਿਆਂ ਤੋਂ ਚੱਲੇ ਆ ਰਹੇ ਬਰਸਾਤੀ ਪਾਣੀ ਦੇ ਨਿਕਾਸ ਨੂੰ ਕੰਧ ਕਰ ਕੇ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਟੋਭੇ ਦਾ ਗੰਦਾ ਪਾਣੀ ਓਵਰਫਲੋਅ ਹੋਣ ਤੋਂ ਬਾਅਦ ਪਿੰਡ ਦੇ ਦਰਜਨਾਂ ਘਰਾਂ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਪਿੰਡ ਦੀਆਂ ਗਲੀਆਂ ਬਾਰਿਸ਼ ਤੋਂ ਕਈ ਦਿਨਾਂ ਬਾਅਦ ਤੱਕ ਛੱਪੜ ਬਣੀਆਂ ਰਹਿੰਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਦੂਸ਼ਿਤ ਪਾਣੀ ਕਈ-ਕਈ ਦਿਨ ਗਲੀਆਂ ਵਿੱਚ ਭਰਿਆ ਰਹਿੰਦਾ ਹੈ ਤੇ ਇਸ ਬਦਬੂਦਾਰ ਪਾਣੀ ਕਾਰਨ ਹਰ ਸਮੇਂ ਕੋਈ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਸੋਹਣ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਦੇ ਨਿਕਾਸੀ ਪ੍ਰਬੰਧ ਲਈ ਕੁਝ ਜਗ੍ਹਾ ਆਪਸੀ ਸਹਿਮਤੀ ਨਾਲ ਦਿੱਤੀ ਗਈ ਸੀ।
ਉੱਧਰ, ਦੂਜੀ ਪੱਤੀ ਦੇ ਵਸਨੀਕ ਸੋਹਣ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੰਧ ਆਪਣੀ ਮਲਕੀਅਤ ਵਾਲੀ ਜ਼ਮੀਨ ਜਗ੍ਹਾ ਵਿੱਚ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੂਜ਼ੁਰਗਾਂ ਵੱਲੋਂ ਇਹ ਜ਼ਮੀਨ 1970 ਵਿੱਚ ਖਰੀਦੀ ਗਈ ਸੀ ਜਿਸ ਦੀ ਰਜਿਸਟਰੀ ਉਨ੍ਹਾਂ ਕੋਲ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਵੀ ਵਿਚਾਰਅਧੀਨ ਹੈ। ਸੋਹਣ ਸਿੰਘ ਨੇ ਬਜ਼ੁਰਗਾਂ ਵੱਲੋਂ ਨਿਕਾਸੀ ਲਈ ਜਗ੍ਹਾ ਛੱਡੇ ਜਾਣ ਤੋਂ ਅਣਜਾਣਤਾ ਪ੍ਰਗਟਾਈ।
ਇਸੇ ਦੌਰਾਨ ਐੱਸਡੀਐੱਮ ਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੀ ਨਿਕਾਸੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਉਨ੍ਹਾਂ ਫਿਲਹਾਲ ਨਿਕਾਸੀ ਲਈ ਆਰਜ਼ੀ ਪ੍ਰਬੰਧ ਕਰ ਕੇ ਗਲੀਆਂ ਵਿੱਚ ਜਮ੍ਹਾਂ ਹੋਇਆ ਪਾਣੀ ਕਢਵਾਉਣ ਅਤੇ ਦੋਵੇਂ ਧਿਰਾਂ ਦੇ ਦਸਤਾਵੇਜ਼ ਦੇਖ ਕੇ ਸਮੱਸਿਆ ਦੇ ਛੇਤੀ ਹੱਲ ਦੀ ਗੱਲ ਆਖੀ। ਇਸ ਮੌਕੇ ਸਰਪੰਚ ਪਾਲ ਕੌਰ, ਕਮਲਜੀਤ ਕੌਰ, ਦਲਵੀਰ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਸਤਿੰਦਰ ਸਿੰਘ, ਮਲਕੀਤ ਸਿੰਘ, ਨਰਿੰਦਰ ਸਿੰਘ, ਨਰਿੰਦਰ ਸਿੰਘ, ਮਾਸਟਰ ਪਾਲ ਸਿੰਘ, ਭਾਗ ਸਿੰਘ ਤੇ ਰਾਮ ਪਾਲ ਸਿੰਘ ਆਦਿ ਹਾਜ਼ਰ ਸਨ।