ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 9 ਜੁਲਾਈ
ਕਾਂਗਰਸ ਵਿੱਚੋਂ ਛੇ ਸਾਲਾਂ ਲਈ ਕੱਢੇ ਗਏ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਕੁਝ ਸਥਾਨਕ ਆਗੂਆਂ ਉੱਤੇ ਆਮ ਆਦਮੀ ਪਾਰਟੀ ਨਾਲ ਗੁਪਤ ਸਮਝੌਤਾ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਦੋਸ਼ ਲਾਇਆ ਹੈ। ਇੱਥੋਂ ਦੇ ਸੈਕਟਰ-70 ਵਿੱਚ ਕੀਤੀ ਮੀਡੀਆ ਕਾਨਫਰੰਸ ਮੌਕੇ ਕਾਂਗਰਸ ਦੇ ਦੋ ਦਰਜਨ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਮੁਹਾਲੀ ਨਿਗਮ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸ੍ਰੀ ਸੋਮਲ ਅਤੇ ਸ੍ਰੀ ਬੇਦੀ ਨਾਲ ਡਟ ਕੇ ਖੜ੍ਹਨ ਦਾ ਐਲਾਨ ਵੀ ਕੀਤਾ।
ਕਾਂਗਰਸੀ ਕੌਂਸਲਰਾਂ ਨੇ ਇਸ ਮੌਕੇ ਸਪੱਸ਼ਟ ਤੌਰ ’ਤੇ ਆਖਿਆ ਕਿ ਨਗਰ ਨਿਗਮ ਦੇ ਮਾਮਲੇ ਵਿੱਚ ਉਹ ਮੇਅਰ ਦੇ ਨਾਲ ਖੜ੍ਹਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਨਗਰ ਨਿਗਮ ਦਾ ਮੇਅਰ ਬਦਲਣ ਸਬੰਧੀ ਬੁਲਾਈ ਜਾਣ ਵਾਲੀ ਕਿਸੇ ਵੀ ਮੀਟਿੰਗ ਵਿੱਚ ਉਹ ਸ਼ਾਮਲ ਨਹੀਂ ਹੋਣਗੇ। ਕੌਂਸਲਰਾਂ ਨੇ ਕਿਹਾ ਕਿ ਉਹ ਕਾਂਗਰਸੀ ਹਨ ਤੇ ਕਾਂਗਰਸ ਲਈ ਕੰਮ ਕਰਨਗੇ ਪਰ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੇਅਰ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀ ਹਾਈ ਕਮਾਂਡ ਉਨ੍ਹਾਂ ਖ਼ਿਲਾਫ਼ ਵੀ ਕੋਈ ਕਾਰਵਾਈ ਕਰਦੀ ਹੈ ਤਾਂ ਵੀ ਉਹ ਕੋਈ ਪ੍ਰਵਾਹ ਨਹੀਂ ਕਰਨਗੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਢ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੋਂ ਉਹ ਪਹਿਲਾਂ ਦੇ ਕਾਂਗਰਸੀ ਹਨ ਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਪੱਖ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਇੱਥੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਸਥਾਨਕ ਆਗੂ ਅੱਜ ਮੁਹਾਲੀ ਵਿੱਚ ਕਾਂਗਰਸ ਦਾ ਝੰਡਾ ਬਰਦਾਰ ਹੋਣ ਦਾ ਢੰਡੋਰਾ ਪਿੱਟ ਰਹੇ ਹਨ, ਉਨ੍ਹਾਂ ਨੇ ਨਿਗਮ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਕਾਂਗਰਸੀ ਉਮੀਦਵਾਰਾਂ ਦੇ ਵਿਰੋਧ ਵਿੱਚ ਵੋਟ ਪਾਈ ਸੀ। ਉਨ੍ਹਾਂ ਕਿਹਾ ਕਿ ਇਹ ਆਗੂ ਪਾਰਟੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਆਜ਼ਾਦ ਤੌਰ ਤੇ ਹੀ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਕੰਮ ਕਰਨਗੇ।
ਇਸੇ ਦੌਰਾਨ ਮੁਹਾਲੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਰਿਸ਼ਵ ਜੈਨ ਨੇ ਸ੍ਰੀ ਸੋਮਲ ਅਤੇ ਸ੍ਰੀ ਬੇਦੀ ਵੱਲੋਂ ਉਨ੍ਹਾਂ ਉੱਤੇ ਆਮ ਆਦਮੀ ਪਾਰਟੀ ਨਾਲ ਰਲਣ ਦੇ ਲਗਾਏ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਰਹੇ ਹਨ ਤੇ ਹੁਣ ਵੀ ਨਾਲ ਹਨ। ਉਨ੍ਹਾਂ ਕਿਹਾ ਕਿ ਜਦੋਂ ਕੁਲਵੰਤ ਸਿੰਘ ਦੇ ਮੇਅਰ ਸਮੇਂ ਉਹ ਸੀਨੀਅਰ ਡਿਪਟੀ ਮੇਅਰ ਸਨ, ਉਦੋਂ ਕਾਂਗਰਸ ਦੇ ਪ੍ਰੋਗਰਾਮ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚੋਂ ਆਗੂਆਂ ਨੂੰ ਕੱਢਣ ਦਾ ਫੈਸਲਾ ਰਾਜਾ ਵੜਿੰਗ ਦਾ ਹੈ, ਇਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਮੌਕੇ ਰਾਜਿੰਦਰ ਸਿੰਘ ਰਾਣਾ, ਕਮਲਪ੍ਰੀਤ ਸਿੰਘ ਬਨੀ, ਪਰਮਜੀਤ ਸਿੰਘ ਹੈਪੀ, ਗੁਰਚਰਨ ਸਿੰਘ ਭੰਮਰਾ, ਕੁਲਬੀਰ ਸਿੰਘ, ਰੁਪਿੰਦਰ ਕੌਰ ਰੀਨਾ, ਸੁੱਚਾ ਸਿੰਘ ਕਲੌਡ, ਨਮਰਿਤਾ ਢਿੱਲੋਂ, ਜਸਬੀਰ ਸਿੰਘ ਮਣਕੂ, ਇੰਦਰਜੀਤ ਸਿੰਘ ਢਿੱਲੋਂ, ਅਨੁਰਾਧਾ ਆਨੰਦ, ਸਮੇਤ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
ਕਾਂਗਰਸ ਵਿੱਚ ਵਫ਼ਾਦਾਰਾਂ ਲਈ ਕੋਈ ਥਾਂ ਨਹੀਂ: ਸਿੱਧੂ
ਮੁਹਾਲੀ (ਪੱਤਰ ਪ੍ਰੇਰਕ): ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ’ਚੋਂ ਕੱਢੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਹੁਣ ਵਫ਼ਾਦਾਰਾਂ ਲਈ ਕੋਈ ਥਾਂ ਨਹੀਂ ਹੈ। ਕਾਂਗਰਸ ਸਿਰਫ਼ ਤਾਨਾਸ਼ਾਹਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਲਏ ਜਾ ਰਹੇ ਤਾਨਾਸ਼ਾਹੀ ਫ਼ੈਸਲਿਆਂ ਕਾਰਨ ਪਾਰਟੀ ਖੇਰੂ-ਖੇਰੂ ਹੋ ਰਹੀ ਹੈ। ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬ ’ਚੋਂ ਕਾਂਗਰਸ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਦੇ ਲੇਖੇ ਲਾਈ ਹੈ ਪਰ ਹਾਈ ਕਮਾਂਡ ਨੇ ਉਨ੍ਹਾਂ ਦੀ ਵਫ਼ਾਦਾਰੀ ਨੂੰ ਪਾਸੇ ਰੱਖ ਕੇ ਉਨ੍ਹਾਂ ਦਾ ਸਿਆਸੀ ਪੱਧਰ ’ਤੇ ਕਾਫ਼ੀ ਨੁਕਸਾਨ ਕੀਤਾ ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਲੜ ਫੜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਹਾਲੇ ਭਾਜਪਾ ਜੁਆਇੰਨ ਕੀਤਿਆਂ ਥੋੜ੍ਹਾ ਹੀ ਸਮਾਂ ਹੋਇਆ ਹੈ ਪਰ ਉਨ੍ਹਾਂ ਨੂੰ ਭਾਜਪਾ ਦਾ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਅਤੇ ਸੀਨੀਅਰ ਆਗੂਆਂ ਦਾ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨ ਦਾ ਢੰਗ ਬਹੁਤ ਵਧੀਆ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਵਿੱਚ ਵਰਕਰ ਦਾ ਮਾਣ ਸਨਮਾਨ ਹੀ ਨਾ ਹੋਵੇ, ਉਸ ਪਾਰਟੀ ਨੂੰ ਅਲਵਿਦਾ ਕਹਿਣਾ ਹੀ ਠੀਕ ਹੁੰਦਾ ਹੈ।