ਪੱਤਰ ਪ੍ਰੇਰਕ
ਰੂਪਨਗਰ, 4 ਸਤੰਬਰ
ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਸੂਚੀ ਵਿੱਚ ਜ਼ਿਲ੍ਹਾ ਰੂਪਨਗਰ ਦੇ ਤਿੰਨ ਅਧਿਆਪਕਾਂ ਦੇ ਨਾਮ ਵੀ ਸ਼ੁਮਾਰ ਹਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕ ਸੰਜੀਵ ਕੁਮਾਰ ਧਰਮਾਣੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਹਨ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੇ ਪੰਜਾਬੀ ਅਧਿਆਪਕ ਨਰਿੰਦਰ ਸਿੰਘ ਬੰਗਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਸਾਹਨੀ ਦੀ ਅਧਿਆਪਕਾ ਸਤਨਾਮ ਕੌਰ ਦਾ ਨਾਮ ਵੀ ਸ਼ਾਮਲ ਹੈ। ਸ੍ਰੀ ਧਰਮਾਣੀ ਸਮਾਜਿਕ ਬੁਰਾਈਆਂ ਖ਼ਿਲਾਫ਼ ਸਾਹਿਤ ਅਤੇ ਗਿਆਨ ਵਰਧਕ ਲਿਖਤਾਂ ਰਾਹੀਂ ਆਪਣਾ ਨਾਮ ਇੰਡੀਅਨ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਕਰਵਾ ਚੁੱਕੇ ਹਨ। ਤਿੰਨੋਂ ਅਧਿਆਪਕਾਂ ਨੂੰ 5 ਸਤੰਬਰ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।