ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਨਵੰਬਰ
ਦੇਸ਼ ਦੇ ਸਿਖਰਲੇ ਮੈਡੀਕਲ ਸੰਸਥਾਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਨਵੀਂ ਦਿੱਲੀ ਵਿਚ ਟਰਾਈਸਿਟੀ ਦੇ ਚਾਰ ਵਿਦਿਆਰਥੀਆਂ ਦੀ ਚੋਣ ਹੋਈ ਹੈ। ਏਮਜ਼ ਨੇ ਅੱਜ ਸਫਲ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਏਮਸ ਵਿਚ ਮੈਡੀਕਲ ਦੀਆਂ ਸੌ ਸੀਟਾਂ ਹਨ ਜਿਸ ਲਈ ਭਲਕੇ ਤੋਂ ਕਾਊਂਸਲਿੰਗ ਸ਼ੁਰੂ ਹੋਵੇਗੀ। ਇਸ ਸੂਚੀ ਵਿਚ ਨੀਟ ਦੇ ਟਰਾਈਸਿਟੀ ਵਿਚੋਂ ਮੋਹਰੀ ਤੇ ਆਲ ਇੰਡੀਆ ਰੈਂਕ ਹਾਸਲ ਕਰਨ ਵਾਲਾ ਗੁਰਕੀਰਤ, ਆਲ ਇੰਡੀਆ ਰੈਂਕ 24 ਹਾਸਲ ਕਰਨ ਵਾਲੀ ਇਸ਼ੀਤਾ ਗਰਗ, ਆਲ ਇੰਡੀਆ 47ਵਾਂ ਰੈਂਕ ਹਾਸਲ ਕਰਨ ਵਾਲਾ ਕਾਰਤਿਕ ਤੇ 201ਵਾਂ ਰੈਂਕ ਹਾਸਲ ਕਰਨ ਵਾਲਾ ਤਰੁਣ ਚੌਧਰੀ ਸ਼ਾਮਲ ਹੈ।
ਗੁਰਕੀਰਤ ਨੇ ਚੰਡੀਗੜ੍ਹ ਦੇ ਸੈਕਟਰ-37 ਦੇ ਸੇਂਟ ਪੀਟਰਜ਼ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਕੀਤੀ ਹੈ ਤੇ ਰਿਹਾਇਸ਼ ਚੰਡੀਗੜ੍ਹ ਨਾ ਹੋਣ ਕਾਰਨ ਉਸ ਨੇ ਚੰਡੀਗੜ੍ਹ ਵਿਚ ਹੋਸਟਲ ਵਿਚ ਦਾਖਲਾ ਲਿਆ। ਉਸ ਨੇ ਦੱਸਿਆ ਕਿ ਉਹ ਸਾਰਾ ਦਿਨ ਮੋਬਾਈਲ ਤੇ ਸੋਸ਼ਲ ਮੀਡੀਆ ’ਤੇ ਹੀ ਰੁੱਝਿਆ ਰਹਿੰਦਾ ਸੀ ਪਰ ਹੋਸਟਲ ਵਿਚ ਮੋਬਾਈਲ ਦੀ ਮਨਾਹੀ ਹੋਣ ਕਾਰਨ ਉਸ ਦੀ ਆਦਤ ਘਟੀ ਤੇ ਨੀਟ ਦੀ ਤਿਆਰੀ ਦੌਰਾਨ ਉਸ ਨੇ ਸੋਸ਼ਲ ਮੀਡੀਆ ਤੋਂ ਹੀ ਦੂਰੀ ਬਣਾ ਲਈ ਤੇ ਇਕਾਗਰ ਚਿੱਤ ਹੋ ਕੇ ਪੜ੍ਹਾਈ ਜਾਰੀ ਰੱਖੀ। ਉਸ ਦੇ ਪਿਤਾ ਮੋਗਾ ਵਿਚ ਇਨਕਮ ਟੈਕਸ ਇੰਸਪੈਕਟਰ ਹਨ ਤੇ ਮਾਂ ਅਧਿਆਪਕਾ ਹੈ। ਗੁਰਕੀਰਤ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਪ੍ਰੇਰਨਾ ਦਿੱਤੀ। ਉਸ ਦੀ ਭੈਣ ਨੇ ਵੀ ਏਮਜ਼ ਪ੍ਰੀਖਿਆ ਪਾਸ ਕੀਤੀ ਸੀ ਪਰ ਉਹ ਇਸ ਵੇਲੇ ਅੰਮ੍ਰਿਤਸਰ ਵਿਚ ਇੰਟਰਨਸ਼ਿਪ ਕਰ ਰਹੀ ਹੈ। ਇਸ਼ੀਤਾ ਨੇ ਚੰਡੀਗੜ੍ਹ ਦੇ ਸੈਕਟਰ-34 ਦੇ ਹੈਲਿਕਸ ਤੋਂ ਕੋਚਿੰਗ ਲਈ ਹੈ ਤੇ ਉਸ ਨੇ ਦੱਸਿਆ ਕਿ ਉਸ ਨੇ ਨਾਭਾ ਤੋਂ ਸਕੂਲੀ ਸਿੱਖਿਆ ਹਾਸਲ ਕੀਤੀ। ਉਸ ਦੇ ਪਿਤਾ ਨਾਭਾ ਵਿਚ ਹੀ ਡਾਕਟਰ ਹਨ। ਉਸ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਦੇ ਨਾਲ ਹੀ ਖੇਡਾਂ ਨੂੰ ਵੀ ਅਹਿਮੀਅਤ ਦਿੱਤੀ ਤੇ ਉਹ ਸੰਗੀਤ ਸੁਣ ਕੇ ਥਕੇਵਾਂ ਲਾਹੁੰਦੀ ਰਹੀ ਹੈ। ਕਾਰਤਿਕ ਨੇ ਚੰਡੀਗੜ੍ਹ ਦੇ ਐਲਨ ਇੰਸਟੀਚਿਊਟ ਤੋਂ ਸਿਖਲਾਈ ਲਈ ਤੇ ਉਹ ਸੰਗਰੂਰ ਤੋਂ ਪੜ੍ਹਾਈ ਕਰਨ ਚੰਡੀਗੜ੍ਹ ਆਇਆ। ਉਸ ਦੀ ਸ਼ੁਰੂ ਤੋਂ ਹੀ ਇੱਛਾ ਸੀ ਕਿ ਉਹ ਡਾਕਟਰੀ ਵਿਚ ਨਾਮਣਾ ਖੱਟੇ ਤੇ ਉਸ ਦਾ ਏਮਸ ਦੀ ਸੂਚੀ ਵਿਚ ਨਾਂ ਆਉਣ ਕਾਰਨ ਉਸ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਕਾਲਕਾ ਨੇੜਲੇ ਤਰੁਣ ਚੌਧਰੀ ਨੇ ਸਾਲ 2019 ਵਿਚ ਨੀਟ ਦੀ ਪ੍ਰੀਖਿਆ ਦਿੱਤੀ ਸੀ ਪਰ ਉਸ ਦਾ 21ਹਜ਼ਾਰ ਦੇ ਕਰੀਬ ਰੈਂਕ ਆਇਆ ਸੀ ਜਿਸ ਕਰ ਕੇ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਦੁਬਾਰਾ ਨੀਟ ਦੇਣ ਲਈ ਕਿਹਾ ਤੇ ਉਸ ਨੇ ਸ਼ੰਕਿਆਂ ਨੂੰ ਦੂਰ ਕਰ ਕੇ ਨੀਟ ਦੀ ਪ੍ਰੀਖਿਆ ਹਾਸਲ ਕੀਤੀ ਤੇ ਹੁਣ ਉਸ ਦਾ ਨਾਂ ਦੇਸ਼ ਦੇ ਮੋਹਰੀ ਮੈਡੀਕਲ ਸੰਸਥਾਨ ਦੀ ਸੂਚੀ ਵਿਚ ਆਇਆ ਹੈ।