ਮੁਕੇਸ਼ ਕੁਮਾਰ
ਚੰਡੀਗੜ੍ਹ, 27 ਫਰਵਰੀ
ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਤਿੰਨ ਰੋਜ਼ਾ ਗੁਲਾਬ ਮੇਲਾ ਆਪਣੀਆਂ ਅਮਿੱਟ ਯਾਦਾਂ ਅਤੇ ਵੰਨ ਸੁਵੰਨੇ ਗੁਲਾਬ ਦੇ ਫੁੱਲਾਂ ਦੀ ਮਹਿਕ ਬਿਖੇਰਦਿਆਂ ਅੱਜ ਸਮਾਪਤ ਹੋ ਗਿਆ। ਆਖ਼ਰੀ ਦਿਨ ਵੱਡੀ ਗਿਣਤੀ ਲੋਕ ਰੋਜ਼ ਗਾਰਡਨ ਪੁੱਜੇ ਅਤੇ ਮੇਲੇ ਦਾ ਆਨੰਦ ਮਾਣਿਆ। ਹਾਲਾਂਕਿ ਇਸ 50ਵੇਂ ਗੁਲਾਬ ਮੇਲੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਪੂਰੀ ਰੌਣਕ ਰਹੀ ਪਰ ਅੱਜ ਅੰਤਿਮ ਦਿਨ ਅਤੇ ਐਤਵਾਰ ਹੋਣ ਕਰਕੇ ਟ੍ਰਾਈਸਿਟੀ ਚੰਡੀਗੜ੍ਹ ਸਮੇਤ ਦੂਰ ਦੁਰਾਡੇ ਤੋਂ ਵੀ ਦਰਸ਼ਕ ਪੁੱਜੇ ਹੋਏ ਸਨ। ਦਰਸ਼ਕਾਂ ਨੇ ਇੱਥੇ ਵੱਖ-ਵੱਖ ਸੂਬਿਆਂ ਤੋਂ ਪੁੱਜੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਗੀਤ ਸੰਗੀਤ ਦੇ ਪ੍ਰੋਗਰਾਮਾਂ ਦੌਰਾਨ ਡਾਂਸ ਕੀਤਾ ਅਤੇ ਰੱਜ ਕੇ ਆਨੰਦ ਮਾਣਿਆ। ਅੱਜ ਇੱਥੇ ਦਰਸ਼ਕਾਂ ਦੀ ਭੀੜ ਦਾ ਇਹ ਆਲਮ ਸੀ ਕਿ ਰੋਜ਼ ਗਾਰਡਨ ਮੁੱਖ ਗੇਟ ਤੋਂ ਲੈ ਕੇ ਪੂਰੇ ਗਾਰਡਨ ਵਿੱਚ ਲੋਕਾਂ ਦੀ ਭੀੜ ਸੀ। ਮੇਲੇ ਦੌਰਾਨ ਬੱਚਿਆਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕ ਪੁੱਜੇ ਹੋਏ ਸਨ ਅਤੇ ਇੱਥੇ ਖਿੜ੍ਹੇ ਗੁਲਾਬ ਦੇ ਫੁੱਲਾਂ ਨਾਲ ਸੈਲਫੀਆਂ ਲੈਣ ਤੋਂ ਲੈ ਕੇ ਇੱਥੇ ਪੁੱਜੇ ਕਲਾਕਾਰਾਂ ਨਾਲ ਵੀ ਫੋਟੋਆਂ ਖਿਚਵਾ ਰਹੇ ਸਨ। ਆਖ਼ਰੀ ਦਿਨ ਪਹਿਲਾਂ ਸਵੇਰੇ ਪੰਡਤ ਸੁਭਾਸ਼ ਘੋਸ਼ ਦੇ ‘ਮਾਰਨਿੰਗ ਰਾਗਾ’ ਨਾਲ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਏ ਜਿਸ ਤੋਂ ਬਾਅਦ ਕਾਮੇਡੀਅਨ ਵਿਜੈ ਕੁਮਾਰ ਉਰਫ਼ ਖਿਆਲੀ ਸਹਾਰਨ ਵੱਲੋਂ ਕਾਮੇਡੀ ਸ਼ੋਅ ਕੀਤਾ ਗਿਆ ਜਿਸ ਦੌਰਾਨ ਦਰਸ਼ਕਾਂ ਨੇ ਖੂਬ ਠਹਾਕੇ ਲਾਏ। ਇਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਲੋਕ ਗੀਤਾਂ ਦੀ ਪੇਸ਼ ਕੀਤੇ ਗਏ। ਇੱਕ ਵਜੇ ਬ੍ਰਜ ਦੇ ਗੀਤ ਅਤੇ ਮਯੂਰ (ਮੋਰ) ਡਾਂਸ ਪ੍ਰੋਗਰਾਮ ਪੇਸ਼ ਕੀਤੇ ਗਏ। ਦੁਪਹਿਰ ਬਾਅਦ ਗੁਲਾਬ ਮੇਲੇ ਦੀ ਸਮਾਪਤੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਇਨਾਮ ਵੰਡ ਸਮਾਗਮ ਕੀਤਾ ਗਿਆ ਜਿਸ ਵਿੱਚ ਮੇਲੇ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ। ਇਸ ਤੋਂ ਬਾਅਦ ਸ਼ਾਮ ਨੂੰ ਰੋਜ਼ ਗਾਰਡਨ ਦੇ ਮੁੱਖ ਪੰਡਾਲ ਵਿੱਚ ਪ੍ਰਸਿੱਧ ਸੂਫ਼ੀ ਗਾਇਕਾ ਡਾ. ਮਮਤਾ ਜੋਸ਼ੀ ਨੇ ਪ੍ਰੋਗਰਾਮ ਪੇਸ਼ ਕੀਤਾ ਜਿਸ ਦੌਰਾਨ ਉਨ੍ਹਾਂ ਆਪਣੇ ਸੂਫੀ/ਲੋਕ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ। ਇਸ ਸਾਲ ਗੁਲਾਬ ਮੇਲੇ ਦੀ ਗੋਲਡਨ ਜੁਬਲੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਸਨ।