ਹਰਜੀਤ ਸਿੰਘ
ਜ਼ੀਰਕਪੁਰ, 1 ਅਕਤੂਬਰ
ਇੱਥੋਂ ਦੇ ਬਿਸ਼ਨਪੁਰਾ ਵਿੱਚ ਲੰਘੀ ਦੇਰ ਰਾਤ ਦੋ ਝੁੱਗੀਆਂ ਵਿੱਚ ਰਹਿਣ ਵਾਲੇ ਚਾਰ ਬਜ਼ੁਰਗ ਵਿਅਕਤੀਆਂ ਨੂੰ ਲੁਟੇਰਿਆਂ ਨੇ ਨੀਂਦ ਦੀ ਦਵਾਈ ਖੁਆ ਕੇ ਸੋਨੇ ਦੇ ਗਹਿਣੇ ਲੁੱਟ ਲਏ। ਨੀਂਦ ਦੀ ਗੋਲੀਆਂ ਨਾਲ ਹੋਈ ਓਵਰਡੋਜ਼ ਨਾਲ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਉਸ ਦੀ ਦੋ ਭੈਣਾਂ ਅਤੇ ਇਕ ਜੀਜਾ ਚੰਡੀਗੜ੍ਹ ਸੈਕਟਰ 32 ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ 55 ਸਾਲਾਂ ਬਿਲਖਾ ਸਿੰਘ ਦੇ ਰੂਪ ਵਿੱਚ ਹੋਈ ਹੈ ਜਦਕਿ ਬਾਕੀਆਂ ਦੀ ਪਛਾਣ ਮ੍ਰਿਤਕ ਦੀ ਦੋ ਭੈਣਾਂ ਕਲਾਸ਼ੋ ਤੇ ਬਿਜਲੀ ਅਤੇ ਜੀਜਾ ਛੱਜੂ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਲੜਕੇ ਗੁਲਾਬ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀਆਂ ਦੋ ਭੈਣਾਂ ਕਲਾਸ਼ੋ ਅਤੇ ਬਿਜਲੀ ਕੋਲ ਇੱਥੇ ਰਹਿ ਰਹੇ ਸੀ। ਲੰਘੀ ਰਾਤ ਉਸ ਦੀ 12 ਵਜੇ ਆਪਣੇ ਪਿਤਾ ਨਾਲ ਗੱਲ ਹੋਈ ਸੀ। ਸਵੇਰ ਗੁਆਂਢੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਭੂਆ ਬੇਹੋਸ਼ ਪਈਆਂ ਹਨ। ਸਵੇਰ ਆ ਕੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਪਹੁੰਚਣ ’ਤੇ ਡਾਕਟਰ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਉਸ ਦੀ ਭੂਆ ਅਤੇ ਫੁੱਫੜ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਰੈਫਰ ਕਰ ਦਿੱਤਾ ਉੱਥੇ ਉਹ ਜ਼ੇਰੇ ਇਲਾਜ ਹਨ।
ਇਹ ਬੰਜਾਰਾ ਪਰਿਵਾਰ ਬਿਸ਼ਨਪੁਰਾ ਇਕ ਖਾਲੀ ਪਲਾਟ ਵਿੱਚ ਦੋ ਝੁੱਗੀਆਂ ਵਿੱਚ ਰਹਿੰਦੇ ਹਨ ਜੋ ਘੁੰਮ ਕੇ ਤਸਲੇ, ਦਾਤੀ ਸਣੇ ਹੋਰ ਸਾਮਾਨ ਵੇਚਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਭੂਆ, ਪਿਤਾ ਅਤੇ ਫੁੱਫੜ ਵੱਲੋਂ ਪਾਏ ਗਹਿਣੇ ਗਾਇਬ ਸੀ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਸਪਤਾਲ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਪਰਿਵਾਰਾਂ ਨੂੰ ਕਿਸੇ ਨੇ ਖਾਣੇ ਵਿੱਚ ਨੀਂਦ ਦੀ ਗੋਲੀਆਂ ਖੁਆਈਆਂ ਹਨ ਜਿਸ ਨਾਲ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੇ ਇਕ ਬਜ਼ੁਰਗ ਨੂੰ ਦਵਾਈ ਦੀ ਓਵਰਡੋਜ਼ ਹੋ ਗਈ ਜਿਸ ਨਾਲ ਉਸਦੀ ਮੌਤ ਹੋ ਗਈ। ਲੰਘੀ ਰਾਤ ਨੇੜੇ ਘਰ ਵਿੱਚ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਇਕ ਐਕਟਿਵਾ ਸਵਾਰ ਤਿੰਨ ਅਣਪਛਾਤੇ ਸ਼ੱਕੀ ਜਣੇ ਵੀ ਦਿਖਾਈ ਦੇ ਰਹੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਡੱਡੂਮਾਜਰਾ ਕਲੋਨੀ ਵਿੱਚੋਂ ਗਹਿਣੇ ਤੇ ਨਕਦੀ ਚੋਰੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੀ ਡੱਡੂਮਾਜਰਾ ਕਲੋਨੀ ਵਿੱਚ ਸਥਿਤ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਇਸ ਸਬੰਧੀ ਮਲੋਆ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਰਾਹੁਲ ਵਾਸੀ ਡੱਡੂਮਾਜਰਾ ਕਲੋਨੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੇ ਘਰ ਵਿੱਚ ਦਾਖਲ ਹੋ ਕੇ ਸੋਨੇ ਦੀ ਚੇਨ, ਦੋ ਜੋੜੇ ਕੰਨਾਂ ਦੀਆਂ ਵਾਲੀਆਂ, ਘੜੀ ਅਤੇ ਡੇਢ ਲੱਖ ਰੁਪਏ ਨਕਦ ਚੋਰੀ ਕਰ ਕੇ ਲੈ ਗਿਆ। ਮਲੋਆ ਦੀ ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।