ਆਤਿਸ਼ ਗੁਪਤਾ
ਚੰਡੀਗੜ੍ਹ, 8 ਅਕਤੂਬਰ
ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ’ਤੇ ਸੁਖਨਾ ਝੀਲ ’ਤੇ ਕਰਵਾਏ ਗਏ ‘ਏਅਰ ਸ਼ੋਅ’ ਵਿੱਚ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾ ਤ੍ਰੈਅ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਣੇ ਵੱਡੀ ਗਿਣਤੀ ਵਿੱਚ ਭਾਰਤੀ ਫੌਜ, ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ। ਸੁਖਨਾ ਝੀਲ ਉੱਤੇ ‘ਏਅਰ ਸ਼ੋਅ’ ਕਾਰਨ ਝੀਲ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਸਵੇਰ ਤੋਂ ਹੀ ਬੰਦ ਰੱਖੀਆਂ ਗਈਆਂ। ਇਸ ਕਰ ਕੇ ਲੋਕਾਂ ਨੂੰ ਮੱਧਿਆ ਮਾਰਗ ਦੀ ਵਰਤੋਂ ਕਰਨੀ ਪਈ। ਸ਼ਹਿਰ ਦੀਆਂ ਸੜਕਾਂ ਬੰਦ ਹੋਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਸੁਖਨਾ ਝੀਲ ’ਤੇ ਏਅਰ ਸ਼ੋਅ ਦੁਪਹਿਰ 2.30 ਵਜੇ ਤੋਂ 4.50 ਵਜੇ ਤੱਕ ਕਰਵਾਇਆ ਗਿਆ ਹੈ, ਉਸ ਤੋਂ ਬਾਅਦ ਮੁੱਖ ਮਹਿਮਾਨਾਂ ਦੇ ਜਾਣ ਕਰਕੇ ਵੀ ਸ਼ਹਿਰ ਦੀਆਂ ਕਈ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ।
ਏਅਰ ਸ਼ੋਅ ਦੇਖਣ ਲਈ ਸ਼ਹਿਰ ਦੇ 30 ਹਜ਼ਾਰ ਦੇ ਕਰੀਬ ਲੋਕ ਪਹੁੰਚੇ ਸਨ, ਜੋ ਕਿ ਇਕੱਠੇ ਨਿਕਲਣ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਜਾਮ ਲੱਗ ਗਿਆ। ਇਹ ਜਾਮ ਇਕ ਘੰਟੇ ਦੀ ਭਾਰੀ ਮੁਸ਼ਕਤ ਤੋਂ ਬਾਅਦ ਹੀ ਖੁੱਲ੍ਹ ਸੱਕਿਆ ਹੈ। ਇਸ ਦੌਰਾਨ ਮੱਧਿਆ ਮਾਰਗ ਸਣੇ ਹੋਰਨਾਂ ਸੜਕਾਂ ’ਤੇ ਜਾਮ ਲੱਗਿਆ ਰਿਹਾ ਹੈ। ਦੂਜੇ ਪਾਸੇ ਪੁਲੀਸ ਦੀ ਸਖਤੀ ਕਾਰਨ ਸੁਖਨਾ ਝੀਲ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪਈ, ਜਿਨ੍ਹਾਂ ਨੂੰ ਸੜਕਾਂ ਬੰਦ ਹੋਣ ਕਰਕੇ ਘੁੰਮ ਕੇ ਜਾਣ ਲਈ ਮਜਬੂਰ ਹੋਣਾ ਪਿਆ।
ਯੂਟੀ ਪ੍ਰਸ਼ਾਸਨ ਨੇ ‘ਏਅਰ ਸ਼ੋਅ’ ਦੇ ਪ੍ਰਬੰਧਾਂ ਨੂੰ ਦੇਖਦਿਆਂ ਸੀਟੀਯੂ ਦੀਆਂ ਸੀਟੀਯੂ ਦੀਆਂ ਬੱਸਾਂ ਦੀ ਵਰਤੋਂ ਸ਼ਹਿਰ ਵਾਸੀਆਂ ਨੂੰ ਸੁਖਨਾ ਝੀਲ ਤੱਕ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ। ਟ੍ਰਾਈਸਿਟੀ ਵਿੱਚ ਸੀਟੀਯੂ ਦੀ ਲੋਕਲ ਬੱਸ ਸਰਵਿਸ ਸਵੇਰੇ 10.30 ਵਜੇ ਤੋਂ ਰਾਤ 8 ਵਜੇ ਤੱਕ ਠੱਪ ਰਹੀ ਹੈ। ਇਸ ਕਰਕੇ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉੱਧਰ ਸੀਟੀਯੂ ਦੀ ਬੱਸ ਸਰਵਿਸ ਠੱਪ ਹੋਣ ਕਰਕੇ ਥ੍ਰੀ ਵ੍ਹੀਲਰ ਅਤੇ ਕੈਬ ਚਾਲਕਾਂ ਦੇ ਭਾੜੇ ਵਿੱਚ ਦੋ ਤੋਂ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ, ਜਿਸ ਕਰਕੇ ਲੋਕਾਂ ਨੂੰ ਆਮ ਨਾਲੋਂ ਵੱਧ ਜੇਬ ਢਿੱਲੀ ਕਰਨੀ ਪਈ ਹੈ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦੇ ਚਲੱਦਿਆਂ 350 ਦੇ ਕਰੀਬ ਆਮ ਬੱਸਾਂ ਅਤੇ 10 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਲੋਕਾਂ ਨੂੰ ਸੁਖਨਾ ਝੀਲ ’ਤੇ ਪਹੁੰਚਾਉਣ ਲਈ ਕੀਤੀ ਹੈ। ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ’ਤੇ 400 ਦੀਆਂ ਥਾਂ ਸਿਰਫ਼ 40 ਬੱਸਾਂ ਚੱਲੀਆਂ ਹਨ ਜਿਸ ਕਰਕੇ ਸਵੇਰੇ ਬੱਸ ਰਾਹੀਂ ਦਫ਼ਤਰਾਂ, ਸਕੂਲ, ਕਾਲਜ ਜਾਂ ਹੋਰਨਾਂ ਥਾਵਾਂ ’ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੰਨਾ ਹੀ ਨਹੀਂ ਗੁਆਂਢੀ ਸੂਬਿਆਂ ਤੋਂ ਪੀਜੀਆਈ, ਸੈਕਟਰ-16 ਜਾਂ 32 ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਬੱਸ ਨਾ ਮਿਲਣ ਕਰਕੇ ਖੱਜਲ-ਖੁਆਰ ਹੋਣਾ ਪਿਆ ਹੈ।
ਸੂਰਿਆ ਕਿਰਨ ਤੇ ਰਾਫੇਲ ਦੇ ਕਰਤੱਬਾਂ ਨੇ ਚੰਡੀਗੜ੍ਹੀਆਂ ਨੂੰ ਮੋਹਿਆ
ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ’ਤੇ ਭਾਰਤੀ ਹਵਾਈ ਸੈਨਾ ਵੱਲੋਂ ਸੁਖਨਾ ਝੀਲ ’ਤੇ ਕਰਵਾਏ ਗਏ ‘ਏਅਰ ਸ਼ੋਅ’ ਨੇ ਚੰਡੀਗੜ੍ਹੀਆਂ ਦਾ ਮਨ ਮੋਹ ਲਿਆ। ਇਸ ਮੌਕੇ ਸੁਖਨਾ ਝੀਲ ’ਤੇ ਦੇਸ਼ ਭਗਤੀ ਦੇ ਗੀਤ ਗੂੰਜੇ। ਹਵਾਈ ਸੈਨਾ ਦੇ ਜਵਾਨਾਂ ਦੇ ਕਰਤੱਬ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰ ਰਹੇ ਸਨ। ‘ਏਅਰ ਸ਼ੋਅ ਦੀ ਸ਼ੁਰੂਆਤ ਆਕਾਸ਼ ਗੰਗਾ ਦੀ ਟੀਮ ਨੇ ਕੀਤੀ ਜਿਸ ਦੇ 10 ਮੈਂਬਰ 8 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਪੈਰਾਸ਼ੂਟ ਰਾਹੀਂ ਝੀਲ ’ਤੇ ਉੱਤਰੇ। ਇਸ ਤੋਂ ਇਲਾਵਾ ਰਾਫੇਲ, ਤੇਜਸ, ਸੂਰਿਆ ਕਿਰਨ, ਬਿੱਗ ਬੋਏ, ਚਿਨੂਕ, ਏਕਲਵਿਆ, ਵਜਰਾਂਗ, ਵਜਰਾ, ਤ੍ਰਿਸ਼ੂਲ ਅਤੇ ਸਾਰੰਗ ਸਣੇ 80 ਕਿਸਮ ਦੇ ਲੜਾਕੂ ਜਹਾਜ਼ਾਂ ਨੇ ਕਲਾਬਾਜ਼ੀਆਂ ਪੇਸ਼ ਕੀਤੀਆਂ। ਅੱਜ ਦੁਪਹਿਰ ਢਾਈ ਵਜੇ ਸ਼ੁਰੂ ਹੋਇਆ ‘ਏਅਰ ਸ਼ੋਅ’ ਸ਼ਾਮ ਨੂੰ 4.50 ਮਿੰਟ ’ਤੇ ਖਤਮ ਹੋਇਆ। ਅਕਾਸ਼ ਗੰਗਾ ਦੀ ਟੀਮ ਦੇ ਜਵਾਨ ਅਸਮਾਨ ਵਿੱਚ ਤੈਰਦੇ ਦਿਖਾਈ ਦਿੱਤੇ, ਜੋ ਪੈਰਾਸ਼ੂਟ ਦੀ ਮਦਦ ਨਾਲ 200 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੇਠਾਂ ਉੱਤਰੇ। ਸੂਰਿਆ ਕਿਰਨ ਦੇ 9 ਜਹਾਜ਼ਾਂ ਨੇ 15 ਮਿੰਟ ਅਸਮਾਨ ਵਿੱਚ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ। ਹਵਾਈ ਸੈਨਾ ਦੇ ਜਵਾਨਾਂ ਦਾ ਕਰਤੱਬ ਦੇਖਣ ਲਈ ਦੁਪਹਿਰ ਤੋਂ ਹੀ ਸੁਖਨਾ ਝੀਲ ’ਤੇ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਪਰ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਵਾਲੇ ਵਿਅਕਤੀਆਂ ਨੂੰ ਹੀ ਦਾਖਲਾ ਮਿਲਣ ਕਰਕੇ ਸੁਖਨਾ ਝੀਲ ’ਤੇ 30 ਹਜ਼ਾਰ ਦੇ ਕਰੀਬ ਲੋਕਾਂ ਨੇ ‘ਏਅਰ ਸ਼ੋਅ’ ਦਾ ਆਨੰਦ ਮਾਨਿਆ ਹੈ। -ਟ੍ਰਿਬਿਊਨ ਨਿਊਜ਼ ਸਰਵਿਸ