ਪੱਤਰ ਪ੍ਰੇਰਕ
ਕੁਰਾਲੀ,18 ਫਰਵਰੀ
ਖਰੜ ਤੋਂ ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਨੇ ਅੱਜ ਚੋਣ ਪ੍ਰਚਾਰ ਦੇ ਅੰਤਿਮ ਦਿਨ ਰੋਡ ਸ਼ੋਅ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਬਾ ਮਾਨ ਨੇ ਹਲਕੇ ਦੇ ਲੋਕਾਂ ਨੂੰ ‘ਝਾੜੂ’ ਦੇ ਹੱਕ ’ਚ ਭੁਗਤਣ ਦੀ ਅਪੀਲ ਕਰਦਿਆਂ ਨਵਾਂ ਪੰਜਾਬ ਸਿਰਜਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਅਨਮੋਲ ਗਗਨ ਮਾਨ ਦੇ ਰੋਡ ਸ਼ੋਅ ਦਾ ਕੁਰਾਲੀ ਖੇਤਰ ਦੇ ਪਿੰਡਾਂ ਤੇ ਸਥਾਨਕ ਸ਼ਹਿਰ ਦੇ ਵਸਨੀਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰੋਡ ਸ਼ੋਅ ਕੁਰਾਲੀ ਤੋਂ ਮਾਜਰੀ ਬਲਾਕ ਦੇ ਪਿੰਡਾਂ ਵਿੱਚ ਗਿਆ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਤੇ ਹਲਕੇ ਦੇ ਲੋਕ ਹੁਣ ਰਾਜ ਵਿੱਚ ਸਿਆਸੀ ਕ੍ਰਾਂਤੀ ਲਿਆੳੋੁਣ ਲਈ ਤਿਆਰ ਬੈਠੇ ਹਨ।
ਖਰੜ (ਪੱਤਰ ਪ੍ਰੇਰਕ) ਖਰੜ ਤੋਂ ‘ਆਪ’ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਅੱਜ ਖਰੜ ਤੋਂ ਰੋਡ ਸ਼ੋਅ ਕੀਤਾ। ਵੱਡੀ ਗਿਣਤੀ ਵਿੱਚ ਵਾਹਨਾਂ ਦੇ ਕਾਫ਼ਲੇ ਨਾਲ ਉਨ੍ਹਾਂ ਨੇ ਇਹ ਰੋਡ ਸ਼ੋਅ ਖਰੜ ਵਿੱਚ ਆਪਣੇ ਦਫਤਰ ਤੋਂ ਸ਼ੁਰੂ ਕੀਤਾ ਤੇ ਹਲਕੇ ਵਿੱਚ ਹਰ ਥਾਂ ’ਤੇ ਗਿਆ। ਰੋਡ ਸ਼ੋਅ ਦਾ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ) ਆਪ ਦੀ ਹਲਕਾ ਖਰੜ੍ਹ ਤੋਂ ਉਮੀਦਵਾਰ ਬੀਬਾ ਅਨਮੋਲ ਗਗਨ ਮਾਨ ਵੱਲੋਂ ਅੱਜ ਪ੍ਰਸਿੱਧ ਅਦਾਕਾਰਾ ਸਤਿੰਦਰ ਕੌਰ ਸੱਤੀ ਨੂੰ ਨਾਲ ਲੈ ਕੇ ਰੋਡ ਸ਼ੋਅ ਕੀਤਾ ਗਿਆ। ਇਹ ਸ਼ੋਅ ਨਿਊ ਚੰਡੀਗੜ੍ਹ ਦੇ ਪਿੰਡ ਕਰਤਾਰਪੁਰ, ਮਾਜਰਾ, ਹੁਸ਼ਿਆਰਪੁਰ, ਪੜੌਲ,ਭੜੌਜੀਆਂ, ਫਿਰੋਜਪੁਰ ਬੰਗਰ, ਨਵਾਂ ਗਾਉਂ,ਕਾਂਸਲ ਰਾਹੀਂ ਹੁੰਦਾ ਹੋਇਆ ਪਿੰਡ ਮੁੱਲਾਂਪੁਰ ਗਰੀਬਦਾਸ ’ਚ ਸਮਾਪਤ ਹੋਇਆ।