ਹਰਜੀਤ ਸਿੰਘ
ਡੇਰਾਬੱਸੀ, 5 ਸਤੰਬਰ
ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਫ਼ਰਾਰ ਹੋਏ ਜੀਬੀਪੀ ਗਰੁੱਪ ਦੇ ਬਿਲਡਰਾਂ ਦੇ ਪ੍ਰਾਜੈਕਟਾਂ ਵਿੱਚ ਰਹਿੰਦੇ ਲੋਕ ਭਾਰੀ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹਨ। ਇਸ ਨੂੰ ਲੈ ਕੇ ਵੱਖ ਵੱਖ ਕਲੋਨੀਆਂ ਅਤੇ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਇਕ ਮੀਟਿੰਗ ਕੀਤੀ ਗਈ। ਮੀਟਿੰਗ ਪ੍ਰਧਾਨ ਐੱਨਐੱਸ ਧਾਲੀਵਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਸਾਰੀਆਂ ਕਲੋਨੀਆਂ ਅਤੇ ਸੁਸਾਇਟੀਆਂ ਵਿੱਚ ਪੈਦਾ ਹੋਈ ਪਾਣੀ ਦੀ ਕਿੱਲਤ ਦੀ ਸਮੱਸਿਆ ਤੋਂ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪਾਣੀ ਦੀ ਕਿੱਲਤ ਦੇ ਹੱਲ ਲਈ ਨਗਰ ਕੌਂਸਲ ਨਾਲ ਰਾਬਤਾ ਕਾਇਮ ਕਰਕੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਹੋਰ ਟਿਊਬਵੈੱਲ ਲਾਉਣ ਜਾਂ ਪਾਣੀ ਦੀ ਸਪਲਾਈ ਦਾ ਹੱਲ ਕਰਵਾਇਆ ਜਾਏਗਾ। ਫੈਸਲਾ ਲਿਆ ਗਿਆ ਕਿ ਜੇ ਲੋੜ ਪਈ ਤਾਂ ਸ਼ਾਂਤੀ ਨਾਲ ਸੰਘਰਸ਼ ਕੀਤਾ ਜਾਏਗਾ ਅਤੇ ਇਸ ਮੰਗ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰ ਸਮੱਸਿਆ ਤੋਂ ਜਾਣੂ ਕਰਵਾ ਇਸ ਦਾ ਹੱਲ ਕਰਵਾਇਆ ਜਾਏਗਾ।
ਇਸ ਮੌਕੇ ਇਕੱਤਰ ਹੋਏ ਵਿਜੈ ਕੁਮਾਰ, ਮਨੋਜ ਕੁਮਾਰ, ਇੰਦਰਜੀਤ ਸਿੰਘ, ਕੁਨਾਲ ਗੁਲਾਟੀ, ਰਵੀ ਸ਼ਰਮਾ, ਓ.ਡੀ. ਸ਼ਰਮਾ ਸਣੇ ਹੋਰਨਾਂ ਨੇ ਦੱਸਿਆ ਕਿ ਬਿਲਡਰ ਦੇ ਫ਼ਰਾਰ ਹੋਣ ਮਗਰੋਂ ਉਸ ਵੱਲੋਂ ਵਸਾਈਆਂ ਗਈ ਕਲੋਨੀਆਂ ਅਤੇ ਸੁਸਾਇਟੀਆਂ ਦੇ ਹਜ਼ਾਰਾਂ ਵਸਨੀਕ ਲਾਵਾਰਿਸ ਹੋ ਗਏ ਹਨ ਜਿਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਨਾ ਤਾਂ ਸੰਬਧਤ ਕਲੋਨੀਆਂ ਅਤੇ ਸੁਸਾਇਟੀਆਂ ਦੀ ਬਕਾਇਆ ਫੀਸ ਜਮ੍ਹਾਂ ਕਰਵਾਈ ਹੈ ਅਤੇ ਨਾ ਹੀ ਕਲੋਨੀਆਂ ਅਤੇ ਸੁਸਾਇਟੀਆਂ ਨੂੰ ਨਗਰ ਕੌਂਸਲ ਦੇ ਹਵਾਲੇ ਕੀਤਾ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਹਲਕਾ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੂੰ ਵੀ ਮਿਲੇ ਸੀ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ।
ਸਮੱਸਿਆ ਦਾ ਛੇਤੀ ਹੱਲ ਹੋ ਜਾਵੇਗਾ: ਜੇਈ
ਇਸ ਸਬੰਧੀ ਗੱਲ ਕਰਨ ਤੇ ਨਗਰ ਕੌਂਸਲ ਦੇ ਜੇਈ ਤਾਰਾ ਚੰਦ ਨੇ ਕਿਹਾ ਕਿ ਬਿਲਡਰ ਵੱਲੋਂ ਬਕਾਇਆ ਫੀਸ ਨਹੀਂ ਭਰੀ ਗਈ ਅਤੇ ਨਾ ਹੀ ਪ੍ਰਾਜੈਕਟ ਪੂਰਾ ਕਰਕੇ ਕੌਂਸਲ ਨੂੰ ਸੌਂਪਿਆ ਹੈ ਜਿਸ ਕਰਕੇ ਕੌਂਸਲ ਕੋਈ ਸਹੂਲਤ ਮੁਹੱਈਆ ਨਹੀਂ ਕਰਵਾ ਸਕਦੀ। ਉਨ੍ਹਾਂ ਕਿਹਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਸਮੱਸਿਆ ਦਾ ਹੱਲ ਨਿਕਲ ਜਾਏਗਾ।