ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 10 ਜੁਲਾਈ
ਬਹਬਿਲ ਕਲਾਂ ਵਿੱਚ ਬੀਤੇ ਕਰੀਬ 7 ਮਹੀਨਿਆਂ ਤੋਂ ਚੱਲ ਰਹੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੇ ਇਨਸਾਫ ਲਈ ਮੋਰਚੇ ’ਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਫ਼ਤਰ ਦੀ ਟੀਮ ਪਹੁੰਚੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਅਦਾਲਤਾਂ ’ਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਤੇ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ 15 ਦਿਨ ਦਾ ਹੋਰ ਸਮਾਂ ਮੰਗਿਆ ਹੈ।
ਜਾਣਕਾਰੀ ਮੁਤਾਬਕ ਇਨਸਾਨ ਮੋਰਚੇ ਵੱਲੋਂ ਪਹਿਲਾਂ ਏਜੀ ਦਫ਼ਤਰ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ ਅੱਜ ਖ਼ਤਮ ਹੋ ਗਿਆ ਹੈ। ਟੀਮ ’ਚ ਸ਼ਾਮਲ ਸੀਨੀਅਰ ਵਕੀਲਾਂ ਨੇ ਆਪਣੇ ਵੱਲੋਂ ਬੀਤੇ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਦੱਸੀ ਕਿ ਏਜੀ ਦਫ਼ਤਰ ਦੀ ਟੀਮ ਨੇ ਬੀਤੇ ਕਰੀਬ 2 ਸਾਲਾਂ ਤੋਂ ਗੋਲੀ ਕਾਂਡ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਪਾਈਆਂ ਰਿੱਟ ਪਟੀਸ਼ਨਾਂ ਖਾਰਜ ਕਰਵਾਈਆਂ ਗਈਆਂ ਹਨ। ਇਸ ਨਾਲ ਹੁਣ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਟਰਾਇਲ ਕੋਰਟਾਂ ਵਿੱਚ ਸ਼ੁਰੂ ਹੋ ਸਕੇਗੀ। ਇਸ ਦੇ ਨਾਲ ਹੀ ਉਨ੍ਹਾਂ ਸੰਗਤ ਤੋਂ ਇਨ੍ਹਾਂ ਮਾਮਲਿਆਂ ਵਿੱਚ ਅੱਗੇ ਦੀ ਪੈਰਵਾਈ ਲਈ 15 ਦਿਨ ਦਾ ਹੋਰ ਸਮਾਂ ਮੰਗਿਆ ਹੈ।
ਇਸ ਦੌਰਾਨ ਹਾਜ਼ਰ ਸੰਗਤ ਵਿੱਚ ਹੋਰ ਸਮਾਂ ਦੇਣ ਨੂੰ ਲੈ ਕੇ ਕੁਝ ਗਰਮ ਖਿਆਲੀ ਨੌਜਵਾਨਾਂ ਨੇ ਵਿਰੋਧ ਪ੍ਰਗਟ ਕਰਦਿਆਂ ਕਈ ਸਵਾਲ ਉਠਾਏ ਅਤੇ ਇੱਕ ਦੂਸਰੇ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਸਿੱਖ ਆਗੂਆਂ ਦੇ ਸਮਝਾਉਣ ਅਤੇ ਬਹੁਮਤ ਨਾਲ ਫੈਸਲਾ ਲੈਣ ’ਤੇ ਪੰਜਾਬ ਸਰਕਾਰ ਦੀ ਟੀਮ ਨੂੰ 15 ਦਿਨ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ ਅਤੇ ਨਾਲ ਹੀ ਇਹ ਐਲਾਨ ਹੋਇਆ ਹੈ ਕਿ ਅਗਲੇ 15 ਦਿਨ ਇਨਸਾਫ ਮੋਰਚੇ ’ਤੇ ਇਕੱਠ ਬਣਿਆ ਰਹੇਗਾ। ਹਰ ਰੋਜ਼ ਸਟੇਜ ਚੱਲੇਗੀ, 15 ਦਿਨਾਂ ਬਾਅਦ ਜੇਕਰ ਸਰਕਾਰ ਕਿਸੇ ਨਤੀਜੇ ’ਤੇ ਨਾ ਪਹੁੰਚੀ ਤਾਂ ਧਰਨੇ ਵਿੱਚ ਆਏ ਏਜੀ ਪੰਜਾਬ ਦੇ ਦਫਤਰ ਦੀ ਟੀਮ ਦੇ ਵਕੀਲ ਵੀ ਧਰਨੇ ਵਿੱਚ ਸੰਗਤਾਂ ਦੇ ਨਾਲ ਹੀ ਬੈਠਣਗੇ।