ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਨਵੰਬਰ
ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਵੱਲੋਂ ਪਿਛਲੇ ਦਿਨ ਸ਼ਹਿਰ ਦੀਆਂ ਚਾਰ ਗਰੁੱਪ ਹਾਊਸਿੰਗ ਸੁਸਾਇਟੀਆਂ ਨੂੰ ਦਿੱਤੇ ਨੋਟਿਸਾਂ ਤੋਂ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਇਲਾਕਾ ਕੌਂਸਲਰ ਹੀਰਾ ਨੇਗੀ ਦੀ ਅਗਵਾਈ ਹੇਠ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰੋਗਰੈਸਿਵ ਸੁਸਾਇਟੀ ਤੋਂ ਨੀਲਮ ਸ਼ਾਹੀ, ਬੀਐਸਐਨਐਲ ਸੁਸਾਇਟੀ ਤੋਂ ਐਸਕੇ ਸ਼ਰਮਾ, ਪੁਸ਼ਪਕ ਸੁਸਾਇਟੀ ਤੋਂ ਅਨਿਲ ਨਾਮਧਾਰੀ ਅਤੇ ਕੇਂਦਰੀ ਵਿਹਾਰ ਸੁਸਾਇਟੀ ਤੋਂ ਐਸਕੇ ਸ਼ਰਮਾ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਸੁਸਾਇਟੀਆਂ ’ਚੋਂ ਰੋਜ਼ਾਨਾ ਲਗਪਗ ਇੱਕ ਕੁਇੰਟਲ ਗਿੱਲਾ ਕੂੜਾ ਨਿਕਲਦਾ ਹੈ। ਇਸ ਦੇ ਨਿਪਟਾਰੇ ਲਈ ਸੁਸਾਇਟੀਆਂ ਵਿਚ ਥਾਂ ਨਹੀਂ ਹੈ। ਸੁਸਾਇਟੀਆਂ ਨੂੰ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਕੂੜੇ ਦੇ ਪ੍ਰਬੰਧਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਭਾਜਪਾ ਪ੍ਰਦੇਸ਼ ਪ੍ਰਧਾਨ ਤੋਂ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।
ਸ੍ਰੀ ਸੂਦ ਨੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਗੱਲ ਕਰ ਕੇ ਇਨ੍ਹਾਂ ਸੁਸਾਇਟੀਆਂ ਨੂੰ ਥੋੜ੍ਹਾ ਹੋਰ ਸਮਾਂ ਦੇਣ ਦੀ ਗੱਲ ਕੀਤੀ। ਸ੍ਰੀ ਸੂਦ ਨੇ ਸੁਸਾਇਟੀਆਂ ਦੇ ਅਹੁਦੇਦਾਰਾਂ ਨੂੰ ਐਮਪੀ ਦੇ ਅਖ਼ਤਿਆਰੀ ਫੰਡ ਨਾਲ ਉੱਥੇ ਕੂੜੇ ਦੇ ਪ੍ਰਬੰਧਨ ਲਈ ਪੋਰਟੇਬਲ ਮਸ਼ੀਨਾਂ ਲਗਵਾਉਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਉਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਇਸ ਮਸਲੇ ਦਾ ਹੱਲ ਕਰਵਾਉਣਗੇ। ਮੀਟਿੰਗ ਦੌਰਾਨ ਮੇਅਰ ਰਵੀ ਕਾਂਤ ਸ਼ਰਮਾ ਨੇ ਸੁਸਾਇਟੀਆਂ ਦੇ ਨੁਮਾਇੰਦਿਆਂ ਨੂੰ ਭੇਜੇ ਨੋਟਿਸਾਂ ਬਾਰੇ ਨਗਰ ਨਿਗਮ ਕਮਿਸ਼ਨਰ ਅਨਿੰਦਤਾ ਮਿਤਰਾ ਨਾਲ ਗੱਲ ਕੀਤੀ। ਮੇਅਰ ਨੇ ਨਿਗਮ ਕਮਿਸ਼ਨਰ ਤੋਂ ਜਨਵਰੀ ਤੱਕ ਦੀ ਮੁਹਲਤ ਦੇਣ ਬਾਰੇ ਗੱਲ ਕੀਤੀ।